by mediateam
ਚੰਡੀਗੜ੍ਹ (ਵਿਕਰਮ ਸਹਿਜਪਾਲ) : ਪਾਲੀਵੁੱਡ ਦੇ ਨਾਮਵਾਰ ਕਲਾਕਾਰ ਪਰਮੀਸ਼ ਵਰਮਾ ਜਿਨ੍ਹਾਂ ਨੇ ਆਪਣੀ ਅਦਾਕਾਰੀ, ਗਾਇਕੀ ਦੇ ਨਾਲ ਹਰ ਇੱਕ ਦਾ ਦਿਲ ਜਿੱਤਿਆ ਹੈ, ਹਾਲ ਹੀ ਦੇ ਵਿੱਚ ਉਨ੍ਹਾਂ ਦਾ ਗੀਤ ‘ਚੱਲ ਓਏ’ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਪਰਮੀਸ਼ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕੀਤੀ ਹੈ। ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਦੱਸਣਯੋਗ ਹੈ ਕਿ ਗੀਤ ਦੇ ਬੋਲ ਲਾਡੀ ਚਾਹਲ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ ਗੀਤ ਦੇ ਬੋਲ ਅੱਜ ਦੀ ਨੌਜਵਾਨ ਪੀੜ੍ਹੀ ਦੇ ਕੁਝ ਬਣਨ ਦੇ ਸੁਪਨੇ ਨੂੰ ਬਿਆਨ ਕਰਦੇ ਹਨ। ਇਸ ਗੀਤ ਨੂੰ ਯੂਟਿਊਬ 'ਤੇ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਪਰਮੀਸ਼ ਵਰਮਾ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ਰਿਲੀਜ਼ ਹੋਈ ਸੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਕਾਮਯਾਬ ਸਾਬਿਤ ਹੋਈ ਸੀ।