ਖੰਨਾ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 2022 'ਚ ਹੋਣ ਵਾਲੀਆਂ ਚੋਣਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਲੜੀਆਂ ਜਾ ਸਕਦੀਆਂ ਹਨ। ਅਜਿਹਾ ਸੰਕੇਤ ਭਾਜਪਾ ਪੰਜਾਬ ਦੇ ਸਗੰਠਨ ਮਹਾਮੰਤਰੀ ਦਿਨੇਸ਼ ਕੁਮਾਰ ਵੱਲੋਂ ਖੰਨਾ ਵਿਖੇ ਦਿੱਤੇ ਗਏ। ਉਨ੍ਹਾਂ ਭਾਜਪਾ ਵਰਕਰਾਂ ਨੂੰ ਸਪੱਸ਼ਟ ਆਖ ਦਿੱਤਾ ਕਿ ਜੋ ਸਮਝੌਤਾ ਹੋਵੇਗਾ, ਉਹ ਮੌਕੇ 'ਤੇ ਦੇਖਿਆ ਜਾਵੇਗਾ ਪਰ 2022 'ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨੀ ਚਾਹੀਦੀ ਹੈ। ਦਿਨੇਸ਼ ਕੁਮਾਰ ਵੱਲੋਂ ਸ਼ਹਿਰਾਂ ਅੰਦਰ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਘੱਟ ਵੋਟਾਂ ਮਿਲਣ ਦਾ ਠੀਕਰਾ ਵੀ ਅਕਾਲੀ ਦਲ ਸਿਰ ਭੰਨਿਆ।
ਦੱਸਣਯੋਗ ਹੈ ਕਿ ਦਿਨੇਸ਼ ਕੁਮਾਰ ਸ਼ਨਿਚਰਵਾਰ ਨੂੰ ਭਾਜਪਾ ਵੱਲੋਂ ਲੋਕ ਸਭਾ ਚੋਣਾਂ 'ਚ ਵਧੀਆ ਕਾਰਗੁਜ਼ਾਰੀ ਲਈ ਵਰਕਰਾਂ ਦਾ ਧੰਨਵਾਦ ਕਰਨ ਲਈ ਵਿਧਾਨ ਸਭਾ ਖੰਨਾ 'ਚ ਰੱਖੇ ਧੰਨਵਾਦ ਸਮਾਗਮ 'ਚ ਪੁੱਜੇ ਸਨ। ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਰਨ ਹੀ ਭਾਜਪਾ ਨੂੰ ਪੰਜਾਬ 'ਚ ਘੱਟ ਵੋਟਾਂ ਮਿਲੀਆਂ ਹਨ। ਚੋਣਾਂ ਦੌਰਾਨ ਮੋਦੀ ਲਹਿਰ ਚੱਲ ਰਹੀ ਸੀ। ਲੋਕ ਮੋਦੀ ਨੂੰ ਵੋਟ ਦੇਣ ਲਈ ਕਮਲ ਦਾ ਚੋਣ ਨਿਸ਼ਾਨ ਤਲਾਸ਼ ਰਹੇ ਸਨ ਪਰ ਭਾਜਪਾ ਪੰਜਾਬ 'ਚ ਸਿਰਫ਼ ਤਿੰਨ ਸੀਟਾਂ 'ਤੇ ਚੋਣ ਲੜ ਰਹੀ ਸੀ ਤੇ ਬਾਕੀ 10 'ਤੇ ਅਕਾਲੀ ਦਲ ਸੀ। ਅਕਾਲੀ ਦਲ ਦਾ ਚੋਣ ਨਿਸ਼ਾਨ ਹੋਣ ਕਰਕੇ ਗਠਜੋੜ ਸਿਰਫ਼ 4 ਸੀਟਾਂ ਜਿੱਤ ਸਕਿਆ। ਇਹ ਵੱਡੀ ਪ੍ਰਾਪਤੀ ਹੈ ਕਿ ਭਾਜਪਾ 3 ਸੀਟਾਂ 'ਤੇ ਚੋਣ ਲੜ ਕੇ 2 ਜਿੱਤੀ ਪਰ ਅਕਾਲੀ ਦਲ 10 'ਚੋਂ ਸਿਰਫ਼ 2 ਹੀ ਜਿੱਤਿਆ।
ਦਿਨੇਸ਼ ਕੁਮਾਰ ਨੇ ਕਿਹਾ ਕਿ ਭਾਜਪਾ ਵਰਕਰ 2022 ਦੀਆਂ ਤਿਆਰੀ 'ਚ ਹੁਣ ਤੋਂ ਹੀ ਜੁੱਟ ਜਾਣ। ਪਹਿਲਾਂ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਆਉਣ ਵਾਲੀਆਂ ਪੰਚਾਇਤੀ ਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਹਿੱਸਾ ਲਿਆ ਜਾਵੇ। ਫਿਰ 2022 'ਚ ਪੰਜਾਬ ਅੰਦਰ ਕਮਲ ਦਾ ਫੁੱਲ ਖਿੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਭਾਜਪਾ ਦੇ 9 ਕਰੋੜ ਵਰਕਰ ਹਨ। ਮੋਦੀ ਸਰਕਾਰ ਵੱਲੋਂ 22 ਕਰੋੜ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ 136 ਯੋਜਨਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਲਾਭ ਲੋੜਵੰਦਾਂ ਤਕ ਪਹੁੰਚਾਉਣ ਲਈ ਵੀ ਵਰਕਰ ਕੰਮ ਕਰਨ ਕਿਉਂਕਿ ਕੇਂਦਰ ਤੋਂ ਬਾਅਦ ਹੁਣ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣੀ ਹੈ।
ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆਂ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਇਸ ਲਈ ਹੁਣ ਭਾਜਪਾ ਨੂੰ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ 'ਚ ਹੋਰ ਮਜ਼ਬੂਤ ਕਰਨਾ ਹੈ। ਭਾਜਪਾ ਦੀ ਮਜ਼ਬੂਤੀ ਲਈ ਸਾਰੇ ਮਿਲ ਕੇ ਕੰਮ ਕਰੀਏ। ਉਨ੍ਹਾਂ ਕਿਹਾ ਕਿ ਭਵਿੱਖ 'ਚ ਭਾਜਪਾ ਨੇ ਇਸ ਤੋਂ ਵੀ ਬਿਹਤਰ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਦੇ ਲੋਕਾਂ ਨਾਲ ਕਾਫ਼ੀ ਪਿਆਰ ਹੈ। ਇਸ ਕਰਕੇ ਹੀ ਮੋਦੀ ਨੇ ਪੰਜਾਬ ਨੂੰੰ ਤਿੰਨ ਕੈਬਨਿਟ ਮੰਤਰੀਆਂ ਦੇ ਅਹੁਦੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਅਗਾਮੀਂ ਨਗਰ ਕੌਂਸਲ ਚੋਣਾਂ 'ਚ ਭਾਜਪਾ ਨੂੰ 33 ਵਾਰਡਾਂ 'ਤੇ ਮਜ਼ਬੂਤ ਕਰਨਾ ਹੈ।ਇਸ ਮੌਕੇ ਸੂਬਾ ਪ੍ਰਧਾਨ ਕਿਸਾਨ ਵਿੰਗ ਬਿਕਰਮਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਅਜੈ ਸੂਦ, ਚੇਅਰਮੈਨ ਰਾਜ਼ੇਸ ਡਾਲੀ, ਮੰਡਲ ਪ੍ਰਧਾਨ ਦਿਨੇਸ਼ ਵਿੱਜ, ਵਾਪਰ ਮੰਡਲ ਪ੍ਰਧਾਨ ਵਿਪਨ ਚੰਦਰ ਗੇਂਦ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਜਤਿੰਦਰ ਦੇਵਗਨ, ਮਨੋਜ ਘਈ, ਸੁਧੀਰ ਸੋਨੂੰ, ਮਹਿਲਾ ਮੰਡਲ ਪ੍ਰਧਾਨ ਦਵਿੰਦਰ ਕੌਰ, ਜ਼ਿਲ੍ਹਾ ਸਕੱਤਰ ਮਿਨਾਕਸ਼ੀ ਵਿੱਜ, ਅੰਮ੍ਰਿਤ ਲਾਲ ਲੁਟਾਵਾ, ਸੰਜੀਵ ਧਮੀਜਾ, ਡਾ. ਸੁਮੇਸ਼ ਬੱਤਾ, ਕੌਂਸਲਰ ਕਵਿਤਾ ਗੁਪਤਾ, ਵਿਜੇ ਵਿੱਜ, ਜਸਪਾਲ ਲੋਟੇ, ਨਰੇਸ਼ ਅਨੰਦ ਦੋਰਾਹਾ, ਅਜ਼ਹਰ ਮਹਿਮੂਦ, ਸੇਖਰ ਬੱਗਣ, ਡਾ. ਅਸ਼ਵਨੀ ਬਾਂਸਲ, ਆਤਿਸ਼ ਬਾਂਸਲ, ਮੋਹਿਤ ਗੋਇਲ, ਸੰਦੀਪ ਗੋਇਲ, ਦੇਵ ਕ੍ਰਿਸ਼ਨ ਢੰਡ, ਵਰਿੰਦਰ ਗੁੱਡੂ, ਰਮੇਸ਼ ਗੁਪਤਾ ਆਦਿ ਹਾਜ਼ਰ ਸਨ।