ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ

by mediateam

ਚੰਡੀਗੜ੍ਹ , 23 ਫਰਵਰੀ ( NRI MEDIA )

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਭਰ ਵਿੱਚ ਕਸ਼ਮੀਰੀਆਂ ਨੂੰ ਕਈ ਜਗ੍ਹਾ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ , ਜਿਸ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਇਸ ਮਾਮਲੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਅਤੇ ਕਸ਼ਮੀਰੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਹੈ , ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਇਸ ਲਈ ਇੱਕ ਸਪੈਸ਼ਲ ਹੈਲਪਲਾਈਨ ਗਠਿਤ ਕੀਤੀ ਜਾਵੇ |


ਕਸ਼ਮੀਰੀਆਂ ਦੀ ਸਹਾਇਤਾ ਲਈ ਪੰਜਾਬ ਪੁਲਿਸ ਵੱਲੋਂ 181 ( ਇੱਕ ਅੱਠ ਇੱਕ ) ਸਪੈਸ਼ਲ ਡੈਸਕ ਹੈਲਪਲਾਈਨ ਗਠਿਤ ਕੀਤੀ ਗਈ ਹੈ ਜਿਸ ਉੱਤੇ ਫੋਨ ਕਰਕੇ ਕਸ਼ਮੀਰੀ ਵਿਦਿਆਰਥੀ ਕਿਸੇ ਵੀ ਸਮੇਂ ਤੇਜ਼ੀ ਨਾਲ ਮਦਦ ਪ੍ਰਾਪਤ ਕਰ ਸਕਦੇ ਹਨ , ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਗਿਆਰਾਂ ਸੂਬਿਆਂ ਨੂੰ ਜਵਾਬ ਦਾਇਰ ਕਰਨ ਦੇ ਆਦੇਸ਼ ਤੋਂ ਬਾਅਦ ਲਿਆ ਹੈ |

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਇਸ ਬਾਰੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਉਪਰਾਲਾ ਕੀਤਾ ਗਿਆ ਹੈ , ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਕਿ ਕਿਸੇ ਨੂੰ ਵੀ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਕਸ਼ਮੀਰ ਭਾਰਤ ਦਾ ਅੰਗ ਅਤੇ ਕਸ਼ਮੀਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਬੁਰਾ ਸਲੂਕ ਕਰਨਾ ਸਹੀ ਨਹੀਂ ਹੈ |