ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਦੇਸ਼ ਭਰ ’ਚ ਜਿਥੇ ਪੁਰਸ਼ਾਂ ਵਿਚ ਸ਼ਰਾਬ ਪੀਣ ਦੀ ਪ੍ਰਵਿਰਤੀ ਪਿਛਲੇ 11 ਸਾਲਾਂ ਵਿਚ 2 ਗੁਣਾ ਤੋਂ ਜ਼ਿਆਦਾ ਵੱਧ ਗਈ ਹੈ, ਉਥੇ 16 ਸਾਲਾਂ ’ਚ ਔਰਤਾਂ ਵਿਚ ਸ਼ਰਾਬ ਪੀਣ ਦੀ ਪ੍ਰਵਿਰਤੀ 0.11 ਫ਼ੀਸਦੀ ਵੱਧ ਚੁੱਕੀ ਹੈ। ਜਿਥੇ 1990 ਤੋਂ ਪਹਿਲਾਂ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ ’ਚ ਔਰਤਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਪਰ 1990 ਉਪਰੰਤ ਅਮਰੀਕਾ ਨੇ ਇਸ ਵਿਚ ਪਹਿਲਕਦਮੀ ਕਰਦਿਆਂ ਜੋ ਅੰਕਡ਼ੇ ਦੱਸੇ ਹਨ, ਉਨ੍ਹਾਂ ’ਚ ਸੰਸਾਰ ਭਰ ਦੀਆਂ ਉਨ੍ਹਾਂ ਔਰਤਾਂ ਨੂੰ ਵੀ ਲਿਆ ਗਿਆ ਹੈ, ਜੋ ਅਲਕੋਹਲ ਦਾ ਸੇਵਨ ਕਰਦੀਆਂ ਹਨ। ਇਸ ਉਪਰੰਤ ਭਾਰਤ ਵੱਲੋਂ ਕੀਤੇ ਗਏ ਹਾਲੀਆ ਸਰਵੇਖਣ ’ਚ ਦੱਸਿਆ ਗਿਆ ਹੈ ਕਿ ਦੇਸ਼ ਭਰ ’ਚ ਔਰਤਾਂ ਦੀ ਆਬਾਦੀ ਵਿਚ 2 ਫ਼ੀਸਦੀ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ।
ਮਈ 2019 ਦੇ ਅੰਤਲੇ ਮਹੀਨੇ ’ਚ ਭਾਰਤ ਦੀ ਤਾਜ਼ਾ ਆਬਾਦੀ ਦੇ ਅੰਕਡ਼ਿਆਂ ਮੁਤਾਬਕ 137 ਕਰੋਡ਼ ਦੀ ਆਬਾਦੀ ’ਚ 66 ਕਰੋਡ਼ 31 ਲੱਖ ਔਰਤਾਂ ਹਨ, ਜਿਨ੍ਹਾਂ ’ਚ ਜੇਕਰ ਭਾਰਤੀ ਸਰਵੇਖਣ ਦੇ ਅੰਕਡ਼ਿਆਂ ਨੂੰ ਮੰਨਿਆ ਜਾਵੇ ਤਾਂ ਇਸ ਵਿਚ 1 ਕਰੋਡ਼ 33 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ, ਜਦੋਂ ਕਿ ਸਾਲ 2005 ਵਿਚ ਇਨ੍ਹਾਂ ਦੀ ਗਿਣਤੀ 0.11 ਫੀਸਦੀ ਆਬਾਦੀ ਦੇ ਅਨੁਪਾਤ ਅਨੁਸਾਰ ਘੱਟ ਸੀ। ਵੱਡੀ ਗੱਲ ਇਹ ਹੈ ਕਿ ਔਰਤਾਂ ਦੀ ਇਸ ਗਿਣਤੀ ਵਿਚ 6.5 ਫੀਸਦੀ ਯਾਨੀ 8.63 ਲੱਖ ਔਰਤਾਂ ਵੱਖ-ਵੱਖ ਬੀਮਾਰੀਆਂ ਦੀ ਲਪੇਟ ਵਿਚ ਫਸੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਇਲਾਜ ਦੀ ਲੋਡ਼ ਹੈ।
ਔਰਤਾਂ ’ਚ ਸ਼ਰਾਬ ਦੀ ਪ੍ਰਵਿਰਤੀ ਵਧਣ ਦੇ ਕਾਰਨ
* ਔਰਤ ਵੱਲੋਂ ਪਤੀ ਨੂੰ ਬੁਰੀ ਸੰਗਤ ਤੋਂ ਦੂਰ ਕਰਨ ਲਈ ਖੁਦ ਸਾਥੀ ਬਣ ਜਾਣਾ।
* ਸ਼ਰਾਬ ਪੀਣ ਵਾਲੇ ਪਤੀ ਵੱਲੋਂ ਸਾਥ ਦੇਣ ਲਈ ਮਜਬੂਰ ਕਰਨਾ।
* ਉੱਚ ਵਰਗ ਦੀਆਂ ਔਰਤਾਂ ਦਾ ਸਮੂਹਿਕ ਤੌਰ ’ਤੇ ਬਾਰ ਅਤੇ ਕਲੱਬਾਂ ’ਚ ਜਾਣਾ।
* ਪਡ਼੍ਹਾਈ ਦੇ ਸਮੇਂ ਲਡ਼ਕੀਆਂ ਦਾ ਹੋਸਟਲਾਂ ’ਚ ਇਕੱਲੇ ਰਹਿਣਾ।
ਅਲਕੋਹਲ ਦਾ ਪੈਂਦੈ ਬੱਚਿਆਂ ’ਤੇ ਅਸਰ
ਅਲਕੋਹਲ ਦੀ ਪ੍ਰਵਿਰਤੀ ਜਿਥੇ ਔਰਤਾਂ ਨੂੰ ਸਰੀਰਕ ਤੌਰ ’ਤੇ ਦੁਸ਼ਪ੍ਰਭਾਵਿਤ ਕਰਦੀ ਹੈ, ਉਥੇ ਹੀ ਗਰਭ ਵਿਵਸਥਾ ਵਿਚ ਸ਼ਰਾਬ ਪੀਣ ਕਾਰਨ ਹੋਣ ਵਾਲੀ ਔਲਾਦ ’ਤੇ ਵੱਧ ਅਸਰ ਪੈਂਦਾ ਹੈ। ਇਸ ਲਈ ਸਿਹਤ ਸੰਗਠਨਾਂ ਨੂੰ ਚਾਹੀਦਾ ਹੈ ਕਿ ਔਰਤਾਂ ਨੂੰ ਇਸ ਬਾਰੇ ਜਾਗਰੂਕ ਕਰੇ।