ਕਾਰਡਿਫ਼ (ਵਿਕਰਮ ਸਹਿਜਪਾਲ) : ਸ੍ਰੀ ਲੰਕਾ ਨੇ ਵਿਸ਼ਵ ਕੱਪ- 2019 'ਚ ਮੰਗਲਵਾਰ ਨੂੰ ਅਫ਼ਗਾਨਿਸਤਾਨ ਨੂੰ ਹਰਾ ਕੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਇਸ ਮੈਚ 'ਚ ਸ੍ਰੀ ਲੰਕਾ ਨੇ ਅਫ਼ਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ। ਮੀਂਹ ਨਾਲ ਪ੍ਰਭਾਵਿਤ ਮੈਚ 'ਚ ਅਫ਼ਗਾਨਿਸਤਾਨ ਨੇ ਸ੍ਰੀ ਲੰਕਾ ਨੂੰ 36.5 ਓਵਰਾਂ 'ਚ 201 ਦੌੜਾਂ 'ਤੇ ਢੇਰ ਕਰ ਦਿੱਤਾ। 33 ਓਵਰਾਂ 'ਚ ਜਦੋਂ ਸ੍ਰੀ ਲੰਕਾ ਨੇ 8 ਵਿਕਟਾਂ 'ਤੇ 182 ਦੌੜਾਂ ਬਣਾਈਆਂ ਸਨ ਤਾਂ ਇਸੇ ਦੌਰਾਨ ਬਾਰਿਸ਼ ਆ ਗਈ। ਮੀਂਹ ਤੋਂ ਬਾਅਦ ਮੈਚ ਨੂੰ 41 ਓਵਰਾਂ ਦਾ ਕਰ ਦਿੱਤਾ ਗਿਆ।ਅਫ਼ਗਾਨਿਸਤਾਨ ਨੂੰ ਡਕਵਰਥ ਲੁਇਸ ਨਿਯਮ ਦੇ ਮੁਤਾਬਿਕ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਗਿਆ।
ਹਾਲਾਂਕਿ, ਅਫ਼ਗਾਨ ਬੱਲੇਬਾਜ਼ ਟੀਮ ਲਈ ਜ਼ਿਆਦਾ ਕੁਝ ਨਹੀਂ ਕਰ ਪਾਏ ਅਤੇ 32.4 ਓਵਰਾਂ 'ਚ 152 ਦੌੜਾਂ 'ਤੇ ਪੂਰੀ ਟੀਮ ਆਲ ਆਊਟ ਹੋ ਗਈ। ਅਫਗਾਨਿਸਤਾਨ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਨਜੀਬੁੱਲਾ ਜਦਰਾਨ (43) ਨੇ ਬਣਾਈਆਂ। ਉੱਥੇ ਹੀ ਸ੍ਰੀ ਲੰਕਾ ਵੱਲੋਂ ਨੁਵਾਂ ਪ੍ਰਦੀਪ ਨੇ 4 ਅਤੇ ਲਸਿਥ ਮਲਿੰਗਾ ਨੇ 3 ਵਿਕਟਾਂ ਲਇਆਂ। ਅਫ਼ਗਾਨਿਸਤਾਨ ਦੇ ਮੁਹੰਮਦ ਨਬੀ ਨੇ 4 ਵਿਕਟਾਂ ਲੈ ਕੇ ਸ੍ਰੀ ਲੰਕਾ ਨੂੰ ਬੈਕ ਫੁੱਟ 'ਤੇ ਲਿਆ ਦਿੱਤਾ।ਜ਼ਿਕਰਯੋਗ ਹੈ ਕਿ ਸ੍ਰੀ ਲੰਕਾ ਨੂੰ ਆਪਣੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਤੋਂ 10 ਵਿਕਟਾਂ ਨਾਲ ਹਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਕਿ ਅਫ਼ਗਾਨਿਸਤਾਨ ਨੂੰ ਵੀ ਆਪਣੇ ਪਹਿਲੇ ਮੈਚ 'ਚ ਆਸਟ੍ਰੇਲੀਆ ਤੋਂ 7 ਵਿਕਟਾਂ ਨਾਲ ਹਰ ਝੇਲਣੀ ਪਈ ਸੀ।