ਫਿਲਮ ‘ਦਾਸਤਾਨ ਏ ਮੀਰੀ-ਪੀਰੀ’ ‘ਚ ਗੁਰੂ ਸਾਹਿਬ ਅਤੇ ਪਰਿਵਾਰ ਦੇ ਐਨੀਮੇਸ਼ਨ ਦਿਖਾਉਣ ‘ਤੇ ਲੱਗੀ ਰੋਕ

by

ਅੰਮਿ੍ਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ 'ਤੇ 5 ਜੂਨ ਨੂੰ ਰਿਲੀਜ਼ ਹੋਣ ਵਾਲੀ ਵਿਵਾਦਾਂ 'ਚ ਘਿਰੀ ਧਾਰਮਿਕ ਐਨੀਮੇਸ਼ਨ ਫਿਲਮ 'ਦਾਸਤਾਨ ਏ ਮੀਰੀ-ਪੀਰੀ' ਦੀ ਘੋਖ ਉਪਰੰਤ ਸਬ ਕਮੇਟੀ ਰਿਪੋਰਟ ਦਿੱਤੀ ਗਈ। ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਗਠਿਤ ਕਮੇਟੀ ਨੇ 100 ਮਿੰਟ ਦੀ ਫਿਲਮ ਨੂੰ ਮੁੜ ਦੇਖਣ ਤੋਂ ਬਾਅਦ ਸਮੁੱਚੇ ਤੌਰ 'ਤੇ ਫੈਸਲਾ ਲਿਆ ਕਿ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਐਨੀਮੇਸ਼ਨ ਤਸਵੀਰਾਂ ਨੂੰ ਫਿਲਮਾਂ ਵਿਚ ਦਿਖਾਉਣ 'ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ।ਦੁਪਹਿਰ 12 ਵਜੇ ਸ਼ੁਰੂ ਹੋਈ ਇਹ ਇਕੱਤਰਤਾ ਸ਼ਾਮ ਸਾਢੇ 6 ਵਜੇ ਤਕ ਚੱਲੀ ਜਿਸ ਵਿਚ ਮੈਂਬਰ ਹਰਦੀਪ ਸਿੰਘ ਮੋਹਾਲੀ ਵਲੋਂ ਸੁਝਾਅ ਦਿੱਤੇ ਗਏ। ਸਰਬਸੰਮਤੀ ਨਾਲ ਸਬ-ਕਮੇਟੀ ਨੇ ਫੈਸਲਾ ਲਿਆ ਅਤੇ ਫਿਲਮ 'ਦਾਸਤਾਨ ਏ ਮੀਰੀ-ਪੀਰੀ' ਦੀ ਘੋਖ ਉਪਰੰਤ ਇਤਿਹਾਸ ਪੱਖੋਂ ਵੀ ਆਪਣੀ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ।

ਇਸ ਤੋਂ ਇਲਾਵਾ ਹੋਰ ਪੱਖ ਵੀ ਇਸ ਰਿਪੋਰਟ ਵਿਚ ਸ਼ਾਮਲ ਕੀਤੇ ਗਏ ਹਨ। ਇਹ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੋਂਪ ਦਿੱਤੀ ਜਾਵੇਗੀ, ਜਿਨ੍ਹਾਂ ਵਲੋਂ ਅਗਲਾ ਆਦੇਸ਼ ਜਾਰੀ ਕੀਤਾ ਜਾਵੇਗਾ। ਸਬ ਕਮੇਟੀ ਦੇ 12 ਮੈਂਬਰਾਂ ਵਿਚੋਂ ਇਸ ਮੀਟਿੰਗ ਵਿਚ ਕੋਆਰਡੀਨੇਟਰ ਸਿਮਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਬੀਬੀ ਕਿਰਨਦੀਪ ਕੌਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਮਨਮੋਹਨ ਸਿੰਘ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਮਲ ਸਨ। 

ਇਸ ਤੋ ਪਹਿਲਾਂ 29 ਮਈ ਨੂੰ ਸਕੱਤਰ ਧਰਮ ਪ੍ਰਚਾਰ ਬਲਵਿੰਦਰ ਸਿੰਘ ਜੌੜਾਸਿੰਘਾ, ਡਾ. ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ਼ਾਮਲ ਸਨ ਅਤੇ ਭਾਈ ਪਿ੍ਤਪਾਲ ਸਿੰਘ ਲੁਧਿਆਣਾ, ਪ੍ਰਤਾਪ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ. ਬਲਕਾਰ ਸਿੰਘ ਪਟਿਆਲਾ, ਪ੍ਰਰੋ. ਸਰਬਜੀਤ ਸਿੰਘ ਪੀਏਯੂ ਲੁਧਿਆਣਾ ਇਸ ਇਕੱਤਰਤਾ ਵਿਚ ਨਹੀਂ ਪਹੁੰਚੇ। ਫਿਲਮ ਨੂੰ ਦਿਖਾਉਣ ਲਈ 'ਛਟਮ ਪੀਰ ਪ੍ਰੋਡਕਸ਼ਨ' ਦੀ ਟੀਮ ਵੀ ਪਹੁੰਚੀ ਸੀ। ਉਨ੍ਹਾਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਐਨੀਮੇਸ਼ਨ ਤਸਵੀਰਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ, ਜਿਸ ਨਾਲ ਫਿਲਮ ਪ੍ਰੋਡਕਸ਼ਨ 'ਤੇ ਵਾਧੂ ਬੋਝ ਪਵੇਗਾ।