ਚੰਡੀਗੜ : ਸਿਕਸਰ ਕਿੰਗ ਤੇ ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨੂੰ ਆਪਣੇ ਦਰਮਿਆਨ ਦੇਖ ਕਾਲਜ ਵਿਦਿਆਰਥੀ ਹੈਰਾਨ ਰਹਿ ਗਏ। ਯੁਵਰਾਜ ਦੇ ਫੈਂਸ ਨੇ ਵੀ ਆਪਣੇ ਚਹੇਤੇ ਕ੍ਰਿਕਟਰ ਨਾਲ ਸੈਲਫੀ ਲੈਣ ਵਿਚ ਕੋਈ ਦੇਰ ਨਹੀਂ ਕੀਤੀ। ਸੋਮਵਾਰ ਸਵੇਰੇ ਯੁਵਰਾਜ ਸਿੰਘ ਆਪਣੇ ਪਿਤਾ ਯੋਗਰਾਜ ਸਿੰਘ ਦੇ ਨਾਲ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਸੈਕਟਰ-10 ਸਥਿਤ ਡੀਏਵੀ ਕਾਲਜ ਪੁੱਜੇ। ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਇਸੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਸੀ ਤੇ ਭਾਰਤੀ ਕ੍ਰਿਕਟ ਟੀਮ ਵਿਚ ਆਉਣ ਤੋਂ ਪਹਿਲਾਂ ਕ੍ਰਿਕਟ ਦੇ ਗੁਰ ਇਥੋਂ ਹੀ ਸਿੱਖੇ ਸਨ। ਸਵੇਰੇ ਕਰੀਬ 10 ਵਜੇ ਕਾਲਜ ਕੈਂਪਸ ਵਿਚ ਯੁਵਰਾਜ ਸਿੰਘ ਨੂੰ ਦੇਖ ਕੇ ਵਿਦਿਆਰਥੀ ਕਾਫੀ ਖ਼ੁਸ਼ ਸਨ। ਕੁੜੀਆਂ ਵਿਚ ਖ਼ਾਸ ਤੌਰ 'ਤੇ ਲੋਕਪਿ੍ਰਅ ਯੁਵਰਾਜ ਸਿੰਘ ਨਾਲ ਸੈਲਫੀ ਲੈਣ ਲਈ ਭੀੜ ਇਕੱਠੀ ਹੋਣ ਲੱਗੀ।
ਯੁਵਰਾਜ ਸਿੰਘ ਨੇ ਵੀ ਆਪਣੇ ਫੈਂਸ ਨੂੰ ਨਿਰਾਸ਼ ਨਹੀਂ ਕੀਤਾ ਤੇ ਸਾਰਿਆਂ ਦੇ ਨਾਲ ਪੂਰੇ ਖੁਸ਼ਮਿਜਾਜ਼ੀ ਦੇ ਨਾਲ ਫੋਟੋ ਖਿਚਵਾਈਆਂ। ਯੁਵਰਾਜ ਨੇ ਆਪਣੇ ਪ੍ਰਰੋਫੈਸਰ ਹੀ ਨਹੀਂ, ਕਾਲਜ ਕ੍ਰਿਕਟ ਗਰਾਊਂਡ ਦੀ ਦੇਖਰੇਖ ਕਰਨ ਵਾਲੇ ਮੁਲਾਜ਼ਮਾਂ ਤੇ ਕੈਂਟੀਨ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ।ਲੰਬੇ ਸਮੇਂ ਬਾਅਦ ਕਾਲਜ ਦੇ ਦਿਨਾਂ ਨੂੰ ਫਿਰ ਤੋਂ ਤਾਜ਼ਾ ਕਰਨ ਦੇ ਲਈ ਆਪਣੇ ਪਿਤਾ ਦੇ ਨਾਲ ਉਹ ਕਾਲਜ ਦੇ ਉਨ੍ਹਾਂ ਕਮਰਿਆਂ ਵਿਚ ਗਏ, ਜਿਥੇ ਬੈਠ ਕੇ ਉਹ ਕਦੀ ਕਲਾਸ ਅਟੈਂਡ ਕਰਿਆ ਕਰਦੇ ਸਨ। ਇੰਨੇ ਸਾਲਾਂ ਬਾਅਦ ਵੀ ਯੁਵਰਾਜ ਨੂੰ ਕਲਾਸ ਵਿਚ ਬੈਠਣ ਦੀ ਜਗ੍ਹਾ ਯਾਦ ਸੀ। ਪ੍ਰਰੀਖਿਆ ਦੀ ਤਿਆਰੀ ਵਿਚ ਜੁਟੇ ਵਿਦਿਆਰਥੀ ਕਲਾਸ ਰੂਮ ਵਿਚ ਯੁਵਰਾਜ ਨੂੰ ਦੇਖ ਕੇ ਇਕ ਵਾਰ ਤਾਂ ਸਾਰੇ ਹੈਰਾਨ ਰਹਿ ਗਏ। ਵਿਦਿਆਰਥੀਆਂ ਨੇ ਵੀ ਯੁਵਰਾਜ ਸਿੰਘ ਨਾਲ ਪੜ੍ਹਾਈ ਦੌਰਾਨ ਜੁੜੀਆਂ ਯਾਦਾਂ ਦੇ ਬਾਰੇ ਗੱਲਬਾਤ ਕੀਤੀ।
ਕਾਲਜ ਵਿਚ ਯੁਵਰਾਜ ਸਿੰਘ ਨੂੰ ਪੜ੍ਹਾਉਣ ਤੇ ਟ੍ਰੇਨਿੰਗ ਦੇਣ ਵਾਲੇ ਪ੍ਰਰੋਫੈਸਰ ਵੀ ਆਪਣੇ ਸਟਾਰ ਸਟੂਡੈਂਟਸ ਨੂੰ ਦੇਖ ਕੇ ਕਾਫੀ ਖੁਸ਼ ਸਨ। ਫਿਜ਼ਿਕਲ ਐਜੂਕੇਸ਼ਨ ਦੇ ਪ੍ਰਰੋਫੈਸਰ ਰਵਿੰਦਰ ਚੌਧਰੀ ਵੀ ਇਸ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਯੁਵਰਾਜ ਵਰਗੇ ਵਿਦਿਆਰਥੀ ਨੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਸੂਤਰਾਂ ਅਨੁਸਾਰ ਯੁਵਰਾਜ ਸਿੰਘ ਤੇ ਯੋਗਰਾਜ ਸਿੰਘ 'ਤੇ ਇਕ ਡਾਕੂਮੈਂਟਰੀ ਿਫ਼ਲਮ ਬਣਨ ਜਾ ਰਹੀ ਹੈ ਜਿਸ ਵਿਚ ਇਹ ਦੋਵੇਂ ਹੀ ਆਪਣੀ ਭੂਮਿਕਾ ਨਿਭਾ ਰਹੇ ਹਨ। ਮੁੰਬਈ ਤੋਂ ਖ਼ਾਸ ਤੌਰ 'ਤੇ ਇਕ ਟੀਮ ਇਸ ਡਾਕੂਮੈਂਟਰੀ ਨੂੰ ਤਿਆਰ ਕਰਨ ਲਈ ਚੰਡੀਗੜ੍ਹ ਵਿਚ ਡੀਏਵੀ ਕਾਲਜ ਪੁੱਜੀ। ਕਰੀਬ ਤਿੰਨ ਘੰਟੇ ਤਕ ਯੁਵਰਾਜ ਸਿੰਘ ਦੇ ਕਾਲਜ ਨਾਲ ਜੁੜੇ ਸ਼ਾਟਸ ਨੂੰ ਿਫ਼ਲਮਾਇਆ ਗਿਆ। ਡਾਕੂਮੈਂਟਰੀ ਵਿਚ ਯੁਵਰਾਜ ਸਿੰਘ ਨੇ ਕਾਲਜ ਕ੍ਰਿਕਟ ਗਰਾਊਂਡ ਤੋਂ ਲੈ ਕੇ ਕੈਂਟੀਨ, ਕਲਾਸ ਰੂਮ ਤੇ ਆਪਣੇ ਟੀਚਰਜ਼ ਦੇ ਬਾਰੇ ਵਿਚ ਜਾਣਕਾਰੀ ਦਿੱਤੀ।
ਡੀਏਵੀ ਕਾਲਜ ਦੇ ਖਿਡਾਰੀਆਂ ਦਾ ਹਮੇਸ਼ਾ ਤੋਂ ਹੀ ਕ੍ਰਿਕਟ ਵਿਚ ਜਲਵਾ ਰਿਹਾ ਹੈ। ਵਰਲਡ ਕਪ ਦਿਵਾਉਣ ਵਾਲੇ ਕਪਿਲ ਦੇਵ, ਯੁਵਰਾਜ ਸਿੰਘ ਤੋਂ ਇਲਾਵਾ ਦਿਨੇਸ਼ ਮੋਂਗੀਆ ਵਰਗੇ ਕ੍ਰਿਕਟਰ ਡੀਏਵੀ ਕਾਲਜ ਦੇ ਗਰਾਊਂਡ 'ਤੇ ਖੇਡ ਕੇ ਹੀ ਦੁਨੀਆ ਭਰ ਵਿਚ ਪ੍ਰਸਿੱਧ ਹੋਏ ਹਨ। ਡੀਏਵੀ ਕਾਲਜ ਵਿਚ ਹੁਣ ਵੀ ਕ੍ਰਿਕਟ ਅਕੈਡਮੀ ਚੱਲਦੀ ਹੈ। ਜਿਥੇ ਰਣਜੀ ਪੱਧਰ ਦੇ ਖਿਡਾਰੀ ਤਿਆਰ ਹੁੰਦੇ ਹਨ। ਪਿ੍ਰੰਸੀਪਲ ਪਵਨ ਸ਼ਰਮਾ ਨੇ ਦੱਸਿਆ ਕਿ ਯੋਗਰਾਜ ਸਿੰਘ ਨੇ ਫਿਰ ਤੋਂ ਕਾਲਜ ਵਿਚ ਨੌਜਵਾਨ ਕ੍ਰਿਕਟਰ ਨੂੰ ਟਰੇਂਡ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਯੋਗਰਾਜ ਹਫਤੇ ਵਿਚ ਦੋ ਤੋਂ ਤਿੰਨ ਦਿਨ ਤਕ ਕਾਲਜ ਵਿਚ ਕ੍ਰਿਕਟਰ ਦੀਆਂ ਉੱਭਰਦੀਆਂ ਸ਼ਖ਼ਸੀਅਤਾਂ ਨੂੰ ਤਰਾਸ਼ਣਗੇ।