ਪਾਕਿਸਤਾਨੀ ਘੁਸਪੈਠੀਏ ਅੰਤਰਰਾਸ਼ਟਰੀ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਦਿਆਂ ਗ੍ਰਿਫ਼ਤਾਰ

by

ਅੰਮ੍ਰਿਤਸਰ : ਭਾਰਤੀ ਸੁਰੱਖਿਆ ਏਜੰਸੀਆਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਦਾਓਕੇ ਪਿੰਡ ਕੋਲ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਇਮਰਾਨ ਸ਼ਾਹਿਦ ਨਿਵਾਸੀ ਪਿੰਡ ਨਾਸਿਰਾ, ਗੁੱਜਰਾਂਵਾਲਾ ਪਾਕਿਸਤਾਨ ਦੇ ਰੂਪ 'ਚ ਹੋਈ ਹੈ। ਖੁਫੀਆ ਏਜੰਸੀਆਂ ਪਾਕਿ ਘੁਸਪੈਠੀਏ ਤੋਂ ਪੁੱਛ-ਗਿੱਛ ਕਰ ਰਹੀਆਂ ਹਨ। ਘੁਸਪੈਠੀਏ ਦੇ ਭਾਰਤੀ ਤਸਕਰਾਂ ਨਾਲ ਸਬੰਧ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ। 

ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਫੜੇ ਗਏ ਇਮਰਾਨ ਸ਼ਾਹਿਦ ਦੇ ਭਾਰਤੀ ਤਸਕਰਾਂ ਨਾਲ ਸਬੰਧ ਹਨ ਤੇ ਉਹ ਤਸਕਰਾਂ ਤੋਂ ਫ਼ੌਜ ਦੇ ਦਸਤਾਵੇਜ਼ ਹਾਸਿਲ ਕਰਨ ਪਹੁੰਚਿਆ ਸੀ, ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ BSF ਨੇ ਉਸ ਨੂੰ ਕੰਡਿਆਲੀ ਤਾਰ ਕੋਲੋਂ ਕਾਬੂ ਕਰ ਲਿਆ। 

BSF ਦੀ 138ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਵਿਕਰਮ ਗੌਤਮ ਨੇ ਘਰਿੰਡਾ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਜਵਾਨ ਕੰਡਿਆਲੀ ਤਾਰ ਕੋਲ ਗਸ਼ਤ ਕਰ ਰਹੇ ਸਨ। ਦਾਓਕੇ ਪਿੰਡ ਕੋਲ ਲੱਗੀ ਤਾਰ ਕੋਲ ਉਨ੍ਹਾਂ ਨੂੰ ਹਲਚਲ ਹੁੰਦੀ ਦਿਖਾਈ ਦਿੱਤੀ। ਇਸ 'ਤੇ ਕਾਰਵਾਈ ਕਰਦਿਆਂ BSF ਜਵਾਨਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।