ਲੰਡਨ (ਵਿਕਰਮ ਸਹਿਜਪਾਲ) : ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੂੰ ਯੂਬੀਐਸੀ ਨੇ ਲੰਡਨ ਵਾਲੇ ਘਰ ਦਾ ਕਰਜ਼ਾ ਮੋੜਨ ਲਈ ਸਾਲ 2020 ਤੱਕ ਦੀ ਸਮਾਂ ਸੀਮਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੱਧ ਲੰਡਨ 'ਚ ਕੌਰਨਵਾਲ ਟੈਰੇਸ ਅਪਾਰਟਮੈਂਟ ਵਿੱਚ ਇੱਕ ਘਰ ਖਰੀਦਣ ਲਈ ਮਾਲਿਆ ਨੇ 2.04 ਮਿਲੀਅਨ ਪਾਊਂਡ (ਤਕਰੀਬਨ 185 ਕਰੋੜ ਰੁਪਏ) ਦਾ ਕਰਜ਼ਾ ਲਿਆ ਸੀ। ਬੈਂਕ ਨੇ ਪਿਛਲੇ ਹਫ਼ਤੇ ਲੰਡਨ ਹਾਈ ਕੋਰਟ ਤੋਂ ਇਸ ਮਾਮਲੇ ਲਈ ਸੰਪਰਕ ਕੀਤਾ ਸੀ।
ਬੈਂਕ ਵੱਲੋਂ ਮਾਲਿਆ ਦੇ ਲੰਡਨ ਸਥਿਤ ਮਕਾਨ ਉੱਤੇ ਮਾਲਿਕਾਨਾ ਹੱਕ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ ਅਦਾਲਤਾਂ ਦੇ ਬਾਹਰ ਦੋਵਾਂ ਧਿਰਾਂ ਵਿਚਾਲੇ ਆਪਸੀ ਸਹਿਮਤੀ ਨਾਲ ਹੱਲ ਹੋਣ ਤੋਂ ਬਾਅਦ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ।
ਕਰਜ਼ਾ ਵਾਪਿਸ ਨਾ ਕਰਨ 'ਤੇ ਬੈਂਕ ਕਰ ਸਕਦਾ ਹੈ ਕਬਜ਼ਾ
ਸਵਿਸ ਬੈਂਕ ਨੇ ਮਾਲਿਆ ਨੂੰ ਇਹ ਕਰਜ਼ਾ ਚੁੱਕਾਉਣ ਲਈ 30 ਅਪ੍ਰੈਲ 2020 ਤੱਕ ਦੀ ਸਮੇਂ ਸੀਮਾ ਤੈਅ ਕੀਤੀ ਹੈ । ਸੋਮਵਾਰ ਨੂੰ ਜਸਟਿਸ ਬੇਕਰ ਦੀ ਅਗੁਵਾਈ ਵਾਲੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਮਾਲਿਆ ਨੇ ਇਸ ਵਾਰ ਸਮੇਂ ਸੀਮਾ ਤਹਿਤ ਕਰਜ਼ਾ ਨਹੀਂ ਮੋੜਿਆ ਤਾਂ ਸਵਿਸ ਬੈਂਕ ਉਨ੍ਹਾਂ ਦੇ ਘਰ ਉੱਤੇ ਕਬਜ਼ਾ ਕਰ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਮਾਲਿਆ ਕਿਸੇ ਤਰ੍ਹਾਂ ਦੀ ਕਾਨੂੰਨੀ ਮਦਦ ਜਾਂ ਹੋਰ ਸਮਾਂ ਹਾਸਲ ਕਰਨ ਲਈ ਪਟੀਸ਼ਨ ਦਾਖ਼ਲ ਨਹੀਂ ਕਰ ਸਕਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੂੰ 10.47 ਲੱਖ ਪਾਊਂਡ ਕੋਰਟ ਦੇ ਖ਼ਰਚ ਵਜੋਂ ਭੁਗਤਾਨ ਕਰਨੇ ਪੈਣਗੇ।ਦੱਸਣਯੋਗ ਹੈ ਕਿ ਮਾਲਿਆ ਉੱਤੇ ਮਨੀ ਲਾਂਡਰਿੰਗ ਦੇ ਕਈ ਕੇਸ ਚੱਲ ਰਹੇ ਹਨ ਅਤੇ ਉਹ ਬ੍ਰਿਟੇਨ ਵਿਰੁੱਧ ਕਾਨੂੰਨੀ ਲੜਾਈ ਲੜ ਰਹੇ ਹਨ। ਉਨ੍ਹਾਂ ਉੱਤੇ ਭਾਰਤ ਵਿੱਚ ਲਗਭਗ 9000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ।