ਬਰਨਾਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਹੰਡਿਆਇਆ ਬਾਜ਼ਾਰ ਬਰਨਾਲਾ 'ਚ ਭਾਜਪਾ ਦੇ ਕੇਂਦਰੀ ਮੰਤਰੀ ਤੇ ਟੀਵੀ ਕਲਾਕਾਰ ਸਮਿ੍ਤੀ ਇਰਾਨੀ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਮਣੀ ਅਕਾਲੀ ਦਲ ਤੇ ਭਾਜਪਾ ਦੇ ਵਰਕਰ ਸ਼ਾਮਲ ਹੋਏ। ਸਮਿ੍ਤੀ ਇਰਾਨੀ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ 'ਚ ਬਰਗਾੜੀ ਕਾਂਡ ਤੋਂ ਬਾਅਦ ਹੋ ਰਹੇ ਅਕਾਲੀ ਦਲ ਦੇ ਵਿਰੋਧ ਨੂੰ ਠੱਲ੍ਹਣ ਲਈ 84 ਦੇ ਦੰਗਿਆਂ ਤੇ ਸਿੱਖ ਕਤਲੇਆਮ ਦਾ ਸਿਆਸੀ ਪੱਤਾ ਖੇਡਿਆ। ਉਨ੍ਹਾਂ ਨੇ ਆਪਣੇ ਪੂਰੇ 5 ਸਾਲ ਦੇ ਮੋਦੀ ਰਾਜ ਦੀ ਕੋਈ ਵੀ ਪ੍ਰਰਾਪਤੀ ਮੰਚ ਤੋਂ ਨਹੀਂ ਦੱਸੀ ਅਤੇ ਨਾ ਹੀ ਉਨ੍ਹਾਂ ਨੇ ਮੋਦੀ ਸਰਕਾਰ ਦੀ ਕੋਈ ਖਾਸੀਅਤ ਦੱਸ ਕੇ ਉਸ ਦੇ ਨਾਂ 'ਤੇ ਵੋਟਾਂ ਮੰਗੀਆਂ।
ਉਨ੍ਹਾਂ ਨੇ ਸਿਰਫ਼ ਪੰਜਾਬ ਤੇ ਪੰਜਾਬੀਅਤ ਨੂੰ ਪ੍ਰਭਾਵਿਤ ਕਰਨ ਲਈ ਸਿੱਖ ਕਤਲੇਆਮ ਦੇ ਨਾਂ 'ਤੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਪ੍ਰਚਾਰ ਕਰਦਿਆਂ ਵੋਟ ਮੰਗੇ। ਉਨ੍ਹਾਂ ਕਾਂਗਰਸ 'ਤੇ ਪੰਜਾਬੀਆਂ ਨੂੰ ਦੁਨੀਆਂ ਪੱਧਰ 'ਤੇ ਬਦਨਾਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਨੂੰ ਡਰੱਗ ਦਾ ਖਿੱਤਾ ਕਹਿਕੇ ਨੀਵਾਂ ਝੁਕਾਇਆ ਤੇ ਪੰਜਾਬ ਦੇ ਵਧੇਰੇ ਨੌਜਵਾਨਾਂ ਦੇ ਨਸ਼ੇੜੀ ਹੋਣ ਦਾ ਬੇਹੁਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਹੈ। ਇਸ ਧਰਤੀ ਨੂੰ ਸਲਾਮ ਕਰਨਾ ਬਣਦਾ ਹੈ ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਅਨਾਜ ਭੰਡਾਰ ਭਰਨ ਦੀ ਸੇਵਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੈਦਾ ਕੀਤਾ ਅਨਾਜ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਚੱਜੀ ਰਹਿਨੁਮਾਈ ਹੇਠ ਸਸਤਾ ਆਟਾ ਦਾਲ ਤੇ ਕਣਕ ਦੇ ਰੂਪ 'ਚ ਗ਼ਰੀਬਾਂ ਨੂੰ ਵੰਡਿਆ ਜਾ ਰਿਹਾ ਹੈ।
ਉਨ੍ਹਾਂ ਦੇਸ਼ ਅੰਦਰ 6 ਗੇੜਾਂ ਦੀਆਂ ਹੋਈਆਂ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਐਨਡੀਏ ਦੇ ਹੱਕ ਹਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ- ਭਾਜਪਾ ਗਠਜੋੜ ਦੇਸ਼ ਨੂੰ ਮਜ਼ਬੂਤ ਕਰਨ ਲਈ ਤੇ ਪੰਜਾਬ ਨੂੰ ਨਵੀਆਂ ਮੰਜ਼ਿਲਾਂ 'ਤੇ ਲਿਜਾਣ ਲਈ ਚੋਣ ਲੜ ਰਹੇ ਹਾਂ। ਚੋਣ ਰੈਲੀ 'ਚ ਉਨ੍ਹਾਂ ਦੇ ਸੰਬੋਧਨ ਤੋਂ ਪਹਿਲਾਂ ਸਾਬਕਾ ਮੈਂਬਰਪਾਰਲੀਮੈਂਟ ਜਗਜੀਤ ਬਰਾੜ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ, ਹਲਕਾ ਇੰਚਾਰਜ਼ ਭਦੌੜ ਸਤਨਾਮ ਸਿੰਘ ਰਾਹੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਜਰਨਲ ਕੌਂਸਲ ਪੰਜਾਬ ਦੇ ਜਤਿੰਦਰ ਜਿੰਮੀ, ਰੰਮੀ ਿਢੱਲੋਂ, ਆਈਟੀ ਵਿੰਗ ਦੇ ਯਾਦਵਿੰਦਰ ਬਿੱਟੂ ਦੀਵਾਨਾ, ਜ਼ਿਲ੍ਹਾ ਯੂਥ ਪ੍ਰਧਾਨ ਨੀਰਜ ਗਰਗ, ਰੂਬਲ ਗਿੱਲ ਕੈਨੇਡਾ, ਰਾਜੀਵ ਵਰਮਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਛੀਨੀਵਾਲ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ, ਹੇਮਰਾਜ ਗਰਗ, ਰੁਪਿੰਦਰ ਸਿੰਘ ਸੰਧੂ, ਤਰਲੋਚਨ ਬਾਂਸਲ ਤੇ ਰਕੇਸ਼ ਕੁਮਾਰ ਟੋਨਾ ਆਦਿ ਸਮੇਤ ਅਕਾਲੀ ਤੇ ਭਾਜਪਾ ਵਰਕਰ ਹਾਜ਼ਰ ਸਨ।
ਇਸ ਰੈਲੀ 'ਚ ਪਰਮਿੰਦਰ ਸਿੰਘ ਢੀਂਡਸਾ ਨੇ ਟੈਕਸਟਾਈਲ ਇੰਡਸਟਰੀ ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਦੇ ਰੈਲੀ 'ਚ ਪੁੱਜਣ 'ਤੇ ਆਪਣਾ ਸਵਾਗਤੀ ਭਾਸ਼ਣ ਹਿੰਦੀ 'ਚ ਸ਼ੁਰੂ ਕਰਦਿਆਂ ਚਹੁੰ ਸਤਰਾਂ ਬਾਅਦ ਪੰਜਾਬੀ 'ਤੇ ਉੱਤਰ ਆਏ। ਉਨ੍ਹਾਂ ਦੇ ਹਿੰਦੀ 'ਚ ਭਾਸ਼ਣ ਨੇ ਭਾਵੇਂ ਹਿੰਦੂ ਵੋਟ ਬੈਂਕ ਨੂੰ ਛੂਹਿਆ ਪਰ ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਨੇ ਆਪਣੇ 17:30 ਮਿੰਟ ਦੇ ਭਾਸ਼ਣ 'ਚ ਸਿਰਫ਼ 84 ਦੇ ਦੰਗੇ ਤੇ ਸਿੱਖ ਕਤਲੇਆਮ ਨੂੰ ਹੀ ਭਾਰੂ ਰੱਖਿਆ।