ਜਲੰਧਰ : ਡਾਇਰੈਕਟਰ ਗਿੱਪੀ ਗਰੇਵਾਲ ਵੱਲੋਂ ਬਣਾਈ ਪੰਜਾਬੀ ਮੂਵੀ 'ਅਰਦਾਸ-2' ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸ ਫਿਲਮ ਦਾ ਨਾਂ 'ਅਰਦਾਸ ਕਰਾਂ' ਹੋਵੇਗਾ। ਮਾਮਲੇ ਨੂੰ ਲੈ ਕੇ ਜ਼ਿਲ੍ਹੇ ਦੇ ਸਿੱਖ ਸੰਗਠਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਫਿਲਮ ਦਾ ਨਾਂ ਬਦਲਣ ਦੀ ਮੰਗ ਰੱਖੀ ਸੀ ਜਿਸ ਕਾਰਨ ਇਸ ਫਿਲਮ ਦਾ ਨਾਂ ਬਦਲਣਾ ਪਿਆ ਹੈ।ਕਾਬਿਲੇਗ਼ੌਰ ਹੈ ਕਿ 19 ਜੁਲਾਈ ਨੂੰ ਦੇਸ਼ ਭਰ ਵਿਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਮੂਵੀ 'ਅਰਦਾਸ 2' ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜ਼ਿਲ੍ਹੇ ਦੇ ਸਿੱਖ ਸੰਗਠਨਾਂ ਨੇ ਇਸ ਦਾ ਵਿਰੋਧ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਸ਼ਿਸ਼ਟਮੰਡਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਪਹੁੰਚ ਕੇ ਮੂਵੀ ਦਾ ਨਾਂ ਬਦਲਨ ਸਬੰਧੀ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਦਾ ਤੱਥ ਸੀ ਕਿ ਸਿੱਖ ਧਰਮ ਵਿਚ ਅਰਦਾਸ ਸ਼ਬਦ ਦੀ ਆਪਣੀ ਮਰਿਆਦਾ ਹੈ।
ਇਸ ਨੂੰ ਨਾਟਕੀ ਜਾਂ ਫਿਰ ਲੜੀਵਾਰ ਰੂਪ 'ਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਜਦਕਿ, ਇਸ 'ਅਰਦਾਸ-2' ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ 'ਤੇ ਸਖ਼ਤ ਨੋਟਿਸ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੂਵੀ ਦਾ ਨਾਂ ਬਦਲਣ ਸਬੰਧੀ ਦਬਾਅ ਬਣਾਇਆ ਸੀ। ਨਤੀਜੇ ਵਜੋਂ ਮੂਵੀ ਦਾ ਨਾਂ ਬਦਲ ਕੇ 'ਅਰਦਾਸ-2' ਤੋਂ 'ਅਰਦਾਸ ਕਰਾਂ' ਕਰ ਦਿੱਤਾ ਗਿਆ ਹੈ।ਇਸ ਬਾਰੇ ਕਮੇਟੀ ਦੇ ਪ੍ਰਮੁੱਖ ਤੇਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਸੈਂਸਰ ਬੋਰਡ ਨੂੰ ਕਿਸੇ ਵੀ ਫਿਲਮ ਦੇ ਨਾਂ ਅਤੇ ਉਸ ਦੀ ਸਟੋਰੀ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਇਸ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਰਿਆਦਾ ਦੇ ਉਲਟ ਕਿਸੇ ਵੀ ਮੂਵੀ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।