ਓਂਟਾਰੀਓ (ਵਿਕਰਮ ਸਹਿਜਪਾਲ) : ਪਾਕਿਸਤਾਨ 'ਚ ਸਪੁਰੀਮ ਕੋਰਟ ਤੋਂ ਰੱਬੀਨਿੰਦਾ ਮਾਮਲੇ 'ਚ ਬੀਤੇ ਸਾਲ ਬਰੀ ਹੋਈ ਆਸੀਆ ਬੀਬੀ ਪਾਕਿਸਤਾਨ ਛੱਡ ਕੇ ਕੈਨੇਡਾ ਚਲੀ ਗਈ ਹੈ। ਇੱਕ ਸਥਾਨਕ ਅਖ਼ਬਾਰ ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਕਿ ਆਸੀਆ ਬੀਬੀ ਨੇ ਦੇਸ਼ ਛੱਡ ਦਿੱਤਾ ਹੈ। ਉਹ ਇੱਕ ਸੁਤੰਤਰ ਨਾਗਰਿਕ ਹੈ ਅਤੇ ਆਪਣੀ ਇੱਛਾ ਅਨੁਸਾਰ ਯਾਤਰਾ ਕਰ ਸਕਦੀ ਹੈ। ਆਸੀਆ ਬੀਬੀ ਦੇ ਵਕੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕੈਨੇਡਾ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਆਸੀਆ ਬੀਬੀ ਆਪਣੇ ਗੁਆਂਢੀਆਂ ਨਾਲ ਵਿਵਾਦ ਹੋ ਗਿਆ ਸੀ ਅਤੇ ਉਸ ਦੌਰਾਨ ਉਸ ਉੱਤੇ ਇਸਲਾਮ ਦੇ ਅਪਮਾਨ ਦਾ ਦੋਸ਼ ਲਗਾਇਆ ਗਿਆ ਸੀ ਜਿਸ ਤੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਆਸੀਆ ਬੀਬੀ ਨੇ ਕਿਹਾ ਵੀ ਕਿ ਉਸ ਦਾ ਕੋਈ ਦੋਸ਼ ਨਹੀਂ ਹੈ ਇਸ ਦੇ ਬਾਵਜੂਦ ਉਸ ਨੂੰ ਅੱਠ ਸਾਲ ਜੇਲ੍ਹ 'ਚ ਬਿਤਾਉਣੇ ਪਏ।ਪਾਕਿਸਤਾਨ ਦੇ ਸੁਪਰੀਮ ਕੋਰਟ ਨੇ 31 ਅਕਤੂਬਰ 2018 ਨੂੰ ਉਸ ਨੂੰ ਰੱਬੀਨਿੰਦਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਅਦਾਲਤ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ 'ਚ ਵਿਰੋਧ ਸ਼ੁਰੂ ਹੋ ਗਿਆ ਸੀ।