ਮਨਹਰ ਬਾਂਸਲ ਨੇ ICSE ‘ਚੋਂ ਟਾਪਰ ਕਰ ਪੰਜਾਬ ਦਾ ਨਾਂ ਰੌਸ਼ਨ ਕੀਤਾ

by

ਸ੍ਰੀ ਮੁਕਤਸਰ ਸਾਹਿਬ : ਆਈਸੀਐਸਈ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਪੂਰੇ ਭਾਰਤ ਭਰ 'ਚੋਂ ਟਾਪਰ ਆ ਕੇ ਪੰਜਾਬ ਸੂਬੇ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਰੌਸ਼ਨ ਕੀਤਾ। ਮਨਹਰ ਬਾਂਸਲ ਪੁੱਤਰ ਡਾਕਟਰ ਮਦਨ ਮੋਹਨ ਬਾਂਸਲ ਜੋ ਕਿ ਲਿਟਲ ਫਲਾਵਰ ਕੌਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ 'ਚ ਪੜ੍ਹਦਾ ਹੈ, ਨੇ ਆਈਸੀਐਸਈ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿਚ 98.6 ਪ੍ਰਤੀਸ਼ਤ (498) ਅੰਕ ਲੈ ਕੇ ਦੇਸ਼ ਭਰ ਵਿਚੋਂ ਟਾਪਰ ਰਿਹਾ ਹੈ।ਮਨਹਰ ਨੇ ਕਿਹਾ ਕਿ ਲਾਅ ਇੰਟਰੇਸਟ ਸੀਐਲਏਟੀ ਦਾ ਟੈਸਟ ਦੇ ਕੇ ਉਹ ਅੱਗੇ ਪੜ੍ਹਾਈ ਕਰਕੇ ਆਈਏਐਸ ਅਫ਼ਸਰ ਜਾਂ ਜੱਜ ਬਣਨਾ ਚਾਹੁਦਾ ਹੈ। ਉਸਨੇ ਕਿਹਾ ਕਿ ਸਾਰੇ ਹੀ ਕਹਿੰਦੇ ਹਨ ਕਿ ਦੇਸ਼ ਸਿਸਟਮ ਖਰਾਬ ਹੈ ਪਰ ਇਸਨੂੰ ਠੀਕ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ ਪਰ ਇਸਨੂੰ ਠੀਕ ਕਰਨ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਵੇਗਾ।

ਉਸਨੇ ਕਿਹਾ ਕਿ ਸਿਸਟਮ ਦੇ ਸੁਧਾਰ ਲਈ ਉਹ ਆਈਏਐਸ ਅਫ਼ਸਰ ਬਣਨਾ ਚਾਹੁੰਦਾ ਹੈ ਤਾਂ ਜੋ ਸਿਸਟਮ ਨੂੰ ਸੁਧਾਰ ਸਕੇ।ਮਨਹਰ ਬਾਂਸਲ ਨੇ ਕਿਹਾ ਕਿ ਜਿੰਦਗੀ ਵਿਚ ਸਫ਼ਲਤਾ ਲਈ ਖੁਦ ਪੜ੍ਹਨ ਨਾਲੋਂ ਅਧਿਆਪਕ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਤਾਂ ਹੀ ਸਫ਼ਲਤਾ ਮਿਲਦੀ ਹੈ ਤੇ ਮੈਂ ਹਮੇਸ਼ਾ ਹੀ ਆਪਣੇ ਟੀਚਰਾਂ ਨੂੰ ਧਿਆਨ ਨਾਲ ਸੁਣਦਾ ਸੀ ਤੇ ਦਿਨ ਭਰ 'ਚ ਸਕੂਲ ਦਾ ਕੰਮ ਰੁਟੀਨ 'ਚ ਪੂਰਾ ਕਰਕੇ ਮਾਤਾ ਪਿਤਾ ਨਾਲ ਪੂਰਾ ਸਮਾਂ ਬਿਤਾਉਂਦਾ ਸੀ।


ਮਨਹਰ ਬਾਂਸਲ ਨੇ ਦੱਸਿਆ ਕਿ ਉਸ ਕੋਲ ਆਮ ਸਧਾਰਨ ਮੋਬਾਇਲ ਹੈ ਤੇ ਉਹ ਵੱਟਸ ਅਪ ਅਤੇ ਫੇਸਬੁੱਕ ਤੋਂ ਬਹੁਤ ਦੂਰ ਹੈ। ਉਸਨੇ ਦੱਸਿਆ ਕਿ ਫੇਸਬੁੱਕ ਤੇ ਉਸਦਾ ਕੋਈ ਵੀ ਅਕਾਉਂਟ ਨਹੀਂ ਹੈ ਅਤੇ ਆਪਣੇ ਪਿਤਾ ਦੇ ਵੱਟਸਅਪ ਦੀ ਕਦੇ-ਕਦਾਈਂ ਵਰਤੋਂ ਕਰਦਾ ਸੀ। ਉਸਨੇ ਦੱਸਿਆ ਕਿ ਉਹ ਹਫ਼ਤੇ ਵਿਚ ਕਦੇ-ਕਦੇ ਬਿਡਮਿੰਟਨ ਖੇਡਦਾ ਹੈ ਤੇ ਟੀਵੀ ਤੇ ਸਿਰਫ਼ ਖ਼ਬਰਾਂ ਤੇ ਡਿਬੇਟ ਹੀ ਦੇਖਦਾ ਹੈ।

ਮਨਹਰ ਦੇ ਪਿਤਾ ਡਾ. ਮਦਨ ਮੋਹਨ ਬਾਂਸਲ ਅਤੇ ਮਾਤਾ ਡਾ. ਵੰਦਨਾ ਬਾਂਸਲ ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਹਸਪਤਾਲ ਚਲਾ ਰਹੇ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨਹਰ ਅਨੁਸ਼ਾਸ਼ਨ 'ਚ ਰਹਿਣ ਵਾਲਾ ਬੇਹੱਦ ਮਿਹਨਤੀ ਬੱਚਾ ਹੈ। ਉਨ੍ਹਾਂ ਦੱਸਿਆ ਕਿ ਉਹ ਵੱਡਿਆਂ ਦਾ ਸਤਿਕਾਰ ਕਰਦਾ ਹੈ ਤੇ ਬਹੁਤ ਹੀ ਇਮਾਨਦਾਰ ਹੈ। ਉਸਨੇ ਦੱਸਿਆ ਕਿ 'ਮਨਹਰ' ਉੱਚ ਪੱਧਰੀ ਸਿੱਖਿਆ ਹਾਸਲ ਕਰਕੇ ਇਕ ਆਈਏਐਸ ਅਫ਼ਸਰ ਬਣਨਾ ਚਾਹੁੰਦਾ ਹੈ ਅਤੇ ਉਹ ਦੇਸ਼ ਦੇ ਮੌਜੂਦਾ ਸਿਸਟਮ ਦਾ ਸੁਧਾਰ ਕਰਨਾ ਚਾਹੁੰਦਾ ਹੈ।ਓਧਰ ਮਨਹਰ ਦੇ ਟਾਪਰ ਆਉਣ ਦਾ ਪਤਾ ਲਗਦਿਆਂ ਹੀ ਲਿਟਰ ਫਲਾਵਰ ਕੌਨਵੈਂਟ ਸਕੂਲ ਅਤੇ ਉਨ੍ਹਾਂ ਦੇ ਘਰ ਵਿਚ ਖ਼ਸ਼ੀ ਦਾ ਮਾਹੌਲ ਹੈ। ਸਕੂਲ 'ਚ ਅਧਿਆਪਕਾਂ ਅਤੇ ਘਰ 'ਚ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।