ਚੀਨ ‘ਚ ਡਰੱਗ ਤਸਕਰੀ ‘ਚ ਕੈਨੇਡੀਅਨ ‘ਤੇ ਅਮਰੀਕੀ ਨਾਗਰਿਕ ਨੂੰ ਮੌਤ ਦੀ ਸਜ਼ਾ

by mediateam

ਬੀਜਿੰਗ (ਵਿਕਰਮ ਸਹਿਜਪਾਲ) : ਕੈਨੇਡਾ ਨਾਲ ਚੱਲ ਰਹੀ ਖਿੱਚੋਤਾਣ 'ਚ ਚੀਨ ਵਿਚ ਮੰਗਲਵਾਰ ਨੂੰ ਇਕ ਅਦਾਲਤ ਨੇ ਡਰੱਗ ਤਸਕਰੀ ਨਾਲ ਜੁੜੇ ਮਾਮਲੇ ਵਿਚ ਕੈਨੇਡੀਅਨ ਨਾਗਰਿਕ ਫੈਨ ਵੇਈ ਨੂੰ ਮੌਤ ਦੀ ਸਜ਼ਾ ਸੁਣਾਈ। ਗੁਆਂਗਦੋਂਗ ਸੂਬੇ ਦੇ ਜਿਯਾਂਗਮੇਨ ਟਿ੍ਬਿਊਨਲ ਨੇ ਇਸ ਮਾਮਲੇ 'ਚ ਇਕ ਅਮਰੀਕੀ ਤੇ ਇਕ ਸਥਾਨਕ ਅਪਰਾਧੀ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਾਗਰਿਕ ਦੀ ਸਜ਼ਾ 2 ਸਾਲ ਲਈ ਰੋਕ ਕੇ ਰੱਖੀ ਗਈ ਹੈ। ਇਸੇ ਮਾਮਲੇ ਵਿਚ ਮੈਕਸੀਕੋ ਦੇ 4 ਨਾਗਰਿਕਾਂ ਨੂੰ ਉਮਰ ਕੈਦ ਹੋਈ ਹੈ। ਇਹ ਸਾਰੇ ਇਕ ਅੰਤਰਾਸ਼ਟਰੀ ਡਰੱਗ ਤਸਕਰੀ ਗਿਰੋਹ ਦਾ ਹਿੱਸਾ ਸਨ ਜੋ ਜੁਲਾਈ 2012 ਤੋਂ ਨਵੰਬਰ 2012 ਦੇ ਵਿਚ ਚੀਨ ਦੇ ਤਾਇਸ਼ਨ ਸ਼ਹਿਰ ਵਿਚ ਸਰਗਰਮ ਸੀ। 

ਜਿਆਂਗਮੇਨ ਇੰਟਰਮੀਡੀਏਟ ਪੀਪਲਜ਼ ਕੋਰਟ ਮੁਤਾਬਕ ਇਸ ਸਮੂਹ ਨੇ 6.34 ਕਿਲੋ ਮੀਥਮਫੈਟਾਮਾਈਨ ਅਤੇ 366 ਗ੍ਰਾਮ ਡਾਇਮੇਥੀਲਏਮੀਲਾਮਾਈਨ ਨਾਮ ਦੇ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਅਤੇ ਵਿਕਰੀ ਕੀਤੀ। ਅਦਾਲਤ ਨੇ ਇਕ ਬਿਆਨ ਵਿਚ ਕਿਹਾ ਕਿ ਫਾਨ ਅਤੇ ਇਨ੍ਹਾਂ ਗਤੀਵਿਧੀਆਂ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਇਕ ਚੀਨੀ ਸ਼ਖਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਬਿਆਨ ਵਿਚ ਕਿਹਾ ਗਿਆ,''ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਉਤਪਾਦਨ ਦੀ ਮਾਤਰਾ ਕਾਫੀ ਵੱਡੀ ਸੀ ਅਤੇ ਅਪਰਾਧ ਕਾਫੀ ਗੰਭੀਰ ਸਨ।'' 

ਕੈਨੇਡਾ ਨਾਲ ਚੱਲ ਰਹੀ ਖਿੱਚੋਤਾਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਇਸ ਮਾਮਲੇ ਨੂੰ

ਕੈਨੇਡੀਅਨ ਨਾਗਰਿਕ ਦੀ ਸਜ਼ਾ ਨੂੰ ਕੈਨੇਡਾ ਨਾਲ ਚੱਲ ਰਹੀ ਖਿੱਚੋਤਾਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕੈਨੇਡਾ ਵਿਚ ਪਿਛਲੇ ਸਾਲ ਚੀਨ ਦੀ ਹੁਆਵੇ ਕੰਪਨੀ ਦੀ ਸੀ.ਐੱਫ.ਓ. ਮੇਂਗ ਵਾਨਜੋਓ ਨੂੰ ਗਿ੍ਫ਼ਤਾਰ ਕਰ ਲਿਆ ਸੀ। ਮੇਂਗ ਦੀ ਗਿ੍ਫਤਾਰੀ ਤੋਂ ਬਾਅਦ ਚੀਨ ਨੇ ਵੀ ਕੈਨੇਡਾ ਦੇ ਇਕ ਰਾਜਦੂਤ ਤੇ ਕਾਰੋਬਾਰੀ ਨੂੰ ਗਿ੍ਫਤਾਰ ਕਰ ਲਿਆ ਸੀ। ਚੀਨ ਵਿਚ ਇਸ ਸਾਲ ਕਿਸੇ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦਾ ਇਹ ਦੂਜਾ ਮਾਮਲਾ ਹੈ।