ਕੈਨੇਡਾ ‘ਚ ਇਨਸਾਨੀਅਤ ਹੋਈ ਸ਼ਰਮਸਾਰ ਮਾਂ ਜੁੱਤੇ ਦੇ ਡੱਬੇ ਵਿਚ ਸੁੱਟ ਗਈ ਨਵ ਜੰਮੀ ਬੱਚੀ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਕਿਊਬਿਕ 'ਚ ਜੁੱਤੇ ਦੇ ਬਾਕਸ ਵਿੱਚੋਂ ਇੱਕ ਨਵਜਾਤ ਬੱਚਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਮੌਂਟਰੀਅਲ ਪੁਲਿਸ ਨੇ ਦੱਸਿਆ ਕਿ ਬੱਚੇ ਦੀ ਹਾਲਤ ਕੰਟਰੋਲ ਵਿੱਚ ਹੈ ਅਤੇ ਬੱਚੇ ਦੀ ਮਾਂ ਵਿਰੁਧ ਕੇਸ ਦਰਜ ਕੀਤਾ ਜਾ ਸਕਦਾ ਹੈ। ਪੁਲਿਸ ਨੇ ਘਟਨਾ ਸੰਬੰਧੀ ਦੱਸਦਿਆਂ ਕਿਹਾ ਕਿ ਉਨਾਂ ਨੂੰ 911 'ਤੇ ਇੱਕ ਔਰਤ ਵਲੋਂ ਫ਼ੋਨ ਕਾਲ ਆਈ ਸੀ ਕਿ ਕੋਈ ਉਸ ਦੇ ਘਰ ਦੀ ਬਾਲਕਨੀ 'ਚ ਜੁੱਤੇ ਦੇ ਡੱਬੇ ਵਿੱਚ ਨਵ ਜੰਮੀ ਲੜਕੀ ਨੂੰ ਰੱਖ ਕੇ ਚਲਾ ਗਿਆ ਹੈ। ਕਾਂਸਟੇਬਲ ਸਟੈਫ਼ਨੀ ਬਿਸ਼ਰਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ 'ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਬੱਚੇ ਨੂੰ ਇਲਾਜ ਲਈ ਹਸਪਤਾਲ 'ਚ ਭੇਜਿਆ ਗਿਆ ਅਤੇ ਉਸ ਦੀ ਹਾਲਤ ਠੀਕ ਹੈ। 

ਪੁਲਿਸ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਇਸ ਇਲਾਕੇ ਦੇ ਇੱਕ ਹਸਪਤਾਲ ਵਲੋਂ ਵੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੋਈ 18 ਸਾਲ ਦੀ ਲੜਕੀ ਬੱਚੇ ਦੇ ਜਨਮ ਤੋਂ ਬਾਅਦ ਦੇ ਇਲਾਜ ਦੀ ਮੰਗ ਕਰ ਰਹੀ ਸੀ ਪਰ ਉਸ ਦੇ ਨਾਲ ਕੋਈ ਬੱਚਾ ਨਹੀਂ ਸੀ। ਪੁਲਿਸ ਦਾ ਮੰਨਣਾ ਹੈ ਕਿ ਸ਼ਹਿਰ ਦੇ ਚੋਮੇਡੀ ਜ਼ਿਲੇ 'ਚ ਸਥਿਤ ਇਮਾਰਤ 'ਚ ਰਹਿੰਦੀ ਉਸ ਕਥਿਤ ਲੜਕੀ ਨੇ ਆਪਣੇ ਘਰ 'ਚ ਬੱਚੇ ਨੂੰ ਜਨਮ ਦਿੱਤਾ ਹੋਣਾ ਅਤੇ ਆਪਣੇ ਗਵਾਂਢੀ ਦੀ ਬਾਲਕਨੀ 'ਚ ਨਵਜਾਤ ਬੱਚੇ ਨੂੰ ਰੱਖ ਕੇ ਫ਼ਰਾਰ ਹੋ ਗਈ। 

ਬਿਸ਼ਰਾ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਕਥਿਤ ਲੜਕੀ ਨੂੰ ਹਿਰਾਸਤ 'ਚ ਲੈ ਲਿਆ ਹੈ ਪਰ ਜਾਂਚ ਅਧਿਕਾਰੀਆਂ ਵਲੋਂ ਅਜੇ ਲੜਕੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਕਿਉਂਕਿ ਲੜਕੀ ਦਾ ਇਲਾਜ ਹਸਪਤਾਲ 'ਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ 'ਤੇ ਦੋਸ਼ ਲੱਗ ਸਕਦੇ ਹਨ ਪਰ ਇਹ ਕਰਾਊਨ ਦੇ ਫ਼ੈਸਲੇ 'ਤੇ ਨਿਰਭਰ ਕਰਦਾ ਹੈ। ਨਵਜੰਮੇ ਬੱਚੇ ਨੂੰ ਕਿਊਬਿਕ ਯੂਥ ਪ੍ਰੋਟੈਕਸ਼ਨ ਵਲੋਂ ਕਸਟਡੀ 'ਚ ਲੈ ਲਿਆ ਗਿਆ ਹੈ।