ਬੈਂਗਲੁਰੂ (ਵਿਕਰਮ ਸਹਿਜਪਾਲ) : ਡਵਿਲੀਅਰਸ ਦੇ ਅਰਧ ਸੈਂਕੜੇ ਅਤੇ ਮਾਰਕਸ ਸਟੋਇੰਸ ਦੇ ਨਾਲ ਉਸ ਦੀ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ 19ਵੇਂ ਓਵਰ ਵਿਚ ਨਵਦੀਪ ਸੈਣੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਇਥੇ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਾਈ। RCB ਨੇ ਡਵਿਲੀਅਰਸ ਦੀਆਂ 44 ਗੇਂਦਾਂ ਵਿਚ 7 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 82 ਦੌੜਾਂ ਦੀ ਪਾਰੀ ਅਤੇ ਸਟੋਇੰਸ ( ਅਜੇਤੂ 46) ਨਾਲ 5ਵੀਂ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਨਾਲ ਮੁਸ਼ਕਲ ਹਾਲਾਤ ਤੋਂ ਉਭਰਦੇ ਹੋਏ 4 ਵਿਕਟਾਂ 'ਤੇ 202 ਦੌੜਾਂ ਬਣਾਈਆਂ।
ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਨੇ ਵੀ 43 ਦੌੜਾਂ ਦੀ ਪਾਰੀ ਖੇਡੀ। ਸਟੋਇੰਸ ਨੇ 34 ਗੇਂਦਾਂ ਦਾ ਸਾਹਮਣਾ ਕਰਦੇ ਹੋਏ 3 ਛੱਕੇ ਅਤੇ 2 ਚੌਕੇ ਮਾਰੇ। ਡਵਿਲੀਅਰਸ ਅਤੇ ਸਟੋਇੰਸ ਦੀ ਤਾਬੜਤੋੜ ਬੱਲੇਬਾਜ਼ੀ ਨਾਲ ਆਰ. ਸੀ. ਬੀ. ਦੀ ਟੀਮ ਆਖਰੀ 7 ਓਵਰਾਂ ਵਿਚ 103 ਦੌੜਾਂ ਬਣਾਉਣ ਵਿਚ ਸਫਲ ਰਹੀ। ਇਸ ਦੇ ਜਵਾਬ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸੈਣੀ (33 ਦੌੜਾਂ 'ਤੇ 2 ਵਿਕਟਾਂ) ਅਤੇ ਉਮੇਸ਼ ਯਾਦਵ (36 ਦੌੜਾਂ 'ਤੇ 3 ਵਿਕਟਾਂ) ਦੀ ਆਖਰੀ 2 ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਨਿਕੋਲਸ ਪੂਰਨ (46), ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (42) ਅਤੇ ਮਯੰਕ ਅਗਰਵਾਲ (35) ਦੀਆਂ ਪਾਰੀਆਂ ਦੇ ਬਾਵਜੂਦ 7 ਵਿਕਟਾਂ 'ਤੇ 185 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਆਰ. ਸੀ. ਬੀ. ਦੇ 11 ਮੈਚਾਂ ਵਿਚ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ। ਉਸ ਨੇ ਪਲੇਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜ਼ਿੰੰਦਾ ਰੱਖਿਆ ਹੈ। ਟੀਮ ਹਾਲਾਂਕਿ ਹੁਣ ਵੀ 7ਵੇਂ ਸਥਾਨ 'ਤੇ ਹੈ। ਕਿੰਗਜ਼ ਇਲੈਵਨ ਪੰਜਾਬ ਦੇ 11 ਮੈਚਾਂ ਵਿਚ 5 ਜਿੱਤਾਂ ਨਾਲ 10 ਅੰਕ ਹਨ ਅਤੇ ਉਹ 5ਵੇਂ ਸਥਾਨ 'ਤੇ ਹੈ।