IAF ਵੱਲੋਂ ਅਭਿਨੰਦਨ ਨੂੰ ‘ਵੀਰ ਚੱਕਰ’ ਦੇਣ ਦੀ ਸਿਫ਼ਾਰਸ਼

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ (IAF – Indian Air Force) ਨੇ ਵਿੰਗ ਕਮਾਂਡਰ ਅਭਿਨੰਦਨ ਦਾ ਨਾਂਅ ‘ਵੀਰ ਚੱਕਰ’ ਲਈ ਪ੍ਰਸਤਾਵਿਤ ਕੀਤਾ ਹੈ। ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਵਿੱਢੀ ਹਵਾਈ ਜੰਗ ਵਿੱਚ ਅਭਿਨੰਦਨ ਨੇ ਦਲੇਰੀ ਵਿਖਾਉਂਦਿਆਂ ਪਾਕਿਸਤਾਨ ਦੇ ਐੱਫ਼–16 ਜੰਗੀ ਹਵਾਈ ਜਹਾਜ਼ ਨ ਮਾਰ ਗਿਰਾਇਆ ਸੀ।

ਇਸ ਦੇ ਨਾਲ ਹੀ 12 ਮਿਰਾਜ–2000 ਦੇ ਪਾਇਲਟਾਂ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਬੰਬ ਸੁੱਟ ਕੇ ਉਨ੍ਹਾਂ ਨੂੰ ਤਬਾਹ ਕੀਤਾ ਸੀ, ਦੇ ਨਾਂਅ ਵੀ ਹਵਾਈ ਫ਼ੌਜ ਦੇ ਤਮਗ਼ਿਆਂ ਲਈ ਭੇਜੇ ਗਏ ਹਨ। ਇਹ ਜਾਣਕਾਰੀ ਅੱਜ ਸਰਕਾਰੀ ਸੂਤਰਾਂ ਨੇ ਦਿੱਤੀ।

‘ਵੀਰ ਚੱਕਰ’ ਜੰਗ ਸਮੇਂ ਦਿੱਤਾ ਜਾਣ ਵਾਲਾ ਭਾਰਤ ਦਾ ਤੀਜਾ ਬਹਾਦਰੀ ਮੈਡਲ ਹੈ। ਇਹ ਸਨਮਾਨ ਫ਼ੌਜੀ ਜਵਾਨਾਂ ਨੂੰ ਜੰਗ ਸਮੇਂ ਅਥਾਹ ਬਹਾਦਰੀ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਅਭਿਨੰਦਨ ਦੀ ਸੁਰੱਖਿਆ ਨੂੰ ਵੇਖਦਿਆਂ ਹਵਾਈ ਫ਼ੌਜ ਨੇ ਉਨ੍ਹਾਂ ਦੀ ਪੋਸਟਿੰਗ ਸ੍ਰੀਨਗਰ ਤੋਂ ਹਟਾ ਕੇ ਪਾਕਿਸਤਾਨ ਦੀ ਸਰਹੱਦ ਨਾਲ ਲੱਗੇ ਪੱਛਮੀ ਏਅਰ ਬੇਸ ਇਲਾਕੇ ਵਿੱਚ ਕਰ ਦਿੱਤੀ ਹੈ।