ਭਾਰਤੀ ਚੋਣ ਕਮਿਸ਼ਨ ਹੋਇਆ ਸਖ਼ਤ – ਗ਼ਲਤ ਬਿਆਨਬਾਜ਼ੀ ਤੋਂ ਬਾਅਦ ਯੋਗੀ , ਮਾਇਆਵਤੀ , ਆਜ਼ਮ ਖਾਨ ਅਤੇ ਮੇਨਕਾ ਗਾਂਧੀ ਤੇ ਬੈਨ

by

ਨਵੀਂ ਦਿੱਲੀ , 16 ਅਪ੍ਰੈਲ ( NRI MEDIA )

ਭਾਰਤ ਵਿੱਚ ਲੋਕਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸੀ ਪਾਰਾ ਗਰਮ ਹੈ ਅਤੇ ਸਿਆਸੀ ਨੇਤਾ ਲੋਕਾਂ ਨੂੰ ਭਰਮਾਉਣ ਲਈ ਇਕ ਦੂਜੇ ਤੇ ਤਿੱਖੇ ਨਿਸ਼ਾਨੇ ਵਿੰਨ ਰਹੇ ਹਨ , ਭਾਰਤੀ ਚੋਣ ਕਮਿਸ਼ਨ ਨੇ ਚੋਣ ਮੁਹਿੰਮ ਦੇ ਦੌਰਾਨ ਵੱਡੇ ਆਗੂਆਂ ਦੇ ਵਿਗੜੇ ਬੋਲਾਂ ਤੇ ਸਖ਼ਤ ਇਤਰਾਜ਼ ਜਤਾਇਆ ਹੈ , ਕਮਿਸ਼ਨ ਵਲੋਂ ਬਸਪਾ ਸੁਪਰੀਮੋ ਮਾਇਆਵਤੀ , ਕੇਂਦਰੀ ਮੰਤਰੀ ਮੇਨਕਾ ਗਾਂਧੀ , ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜਮ ਖਾਨ ਨੂੰ ਚੋਣ ਪ੍ਰਚਾਰ ਲਈ ਬੈਨ ਕੀਤਾ ਹੈ , ਮਾਇਆਵਤੀ ਅਤੇ ਮੇਨਕਾ ਗਾਂਧੀ 48 ਘੰਟੇ , ਜਦਕਿ ਯੋਗੀ ਅਤੇ ਆਜਮ ਖਾਨ 72 ਘੰਟੇ ਤੱਕ ਚੋਣ ਪ੍ਰਚਾਰ ਨਹੀਂ ਕਰ ਸਕਣਗੇ |


ਕਮਿਸ਼ਨ ਨੇ ਇਨ੍ਹਾਂ ਚਾਰ ਨੇਤਾਵਾਂ ਦੀ ਮੁਹਿੰਮ ਦੌਰਾਨ ਸੰਪਰਦਾਇਕ ਅਤੇ ਮਾੜੀ ਭਾਸ਼ਾ ਦੀਆਂ ਸ਼ਿਕਾਇਤਾਂ ਦਾ ਜਾਇਜ਼ਾ ਲਿਆ ਅਤੇ ਸਖ਼ਤ ਹੁਕਮਾ ਜਾਰੀ ਕੀਤੇ ਹਨ , ਫੈਸਲੇ ਦੇ ਅਨੁਸਾਰ, ਮਾਇਆਵਤੀ ਅਤੇ ਯੋਗੀ ਆਦਿੱਤਯਨਾਥ ਦੀਆਂ ਪਾਬੰਦੀਆਂ  ਮੰਗਲਵਾਰ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਣਗੀਆਂ , ਉਸੇ ਸਮੇਂ, ਆਜ਼ਮ ਖਾਨ ਅਤੇ ਮੇਨਕਾ 'ਤੇ ਕਮਿਸ਼ਨ ਦਾ ਆਦੇਸ਼ ਮੰਗਲਵਾਰ ਸਵੇਰੇ 10 ਵਜੇ ਤੋਂ ਲਾਗੂ ਹੋਵੇਗਾ , ਇਸ ਦੀ ਪਾਲਣਾ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ |

ਕਮਿਸ਼ਨ ਨੇ ਇਨ੍ਹਾਂ ਨੇਤਾਵਾਂ ਨੂੰ ਝਿੜਕਦੇ ਹੋਏ ਕਿਹਾ ਸੀ ਕਿ ਉਹ ਪਾਬੰਦੀਸ਼ੁਦਾ ਸਮੇਂ ਦੌਰਾਨ ਕਿਸੇ ਵੀ ਪਬਲਿਕ ਮੀਟਿੰਗ, ਪਿਕਨਿਕ ਜਾਂ ਰੋਡ ਸ਼ੋ ਵਿੱਚ ਸ਼ਾਮਲ ਨਹੀਂ ਹੋ ਸਕਦੇ ,ਉਹ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਵਿੱਚ ਕਿਸੇ ਵੀ ਤਰੀਕੇ ਦੀ ਇੰਟਰਵਿਊ ਵੀ ਨਹੀਂ ਦੇ ਸਕਦੇ , ਆਰਟੀਕਲ 324 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਚੋਣ ਕਮਿਸ਼ਨ ਨੇ ਇਹ ਸਖਤ ਆਦੇਸ਼ ਜਾਰੀ ਕੀਤੇ ਹਨ |

ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਸੋਮਵਾਰ ਨੂੰ ਕਮਿਸ਼ਨ ਦਾ ਇਹ ਹੁਕਮ ਸੁਣਾਇਆ ਸੀ , ਅਦਾਲਤ ਨੇ ਚੋਣ ਕਮਿਸ਼ਨ ਨੂੰ ਸਵੇਰੇ ਇਹ ਦੇਖਣ ਲਈ ਕਿਹਾ ਸੀ ਕਿ ਸੰਪਰਦਾਇਕ ਅਤੇ ਮਾੜੀ ਭਾਸ਼ਾ ਵਰਤ ਕੇ ਭਾਸ਼ਣ ਦੇਣ ਵਾਲੇ ਨੇਤਾਵਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ , ਅਦਾਲਤ ਨੇ ਕਮਿਸ਼ਨ ਨੂੰ ਮੰਗਲਵਾਰ ਤੱਕ ਇਸ ਨੂੰ ਸਪੱਸ਼ਟ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਦਮ ਚੁੱਕੇ ਹਨ |