ਕੈਨੇਡਾ ਨੇ ਆਪਣੀ ਅੱਤਵਾਦੀ ਲਿਸਟ ‘ਚੋਂ ਖਾਲਿਸਤਾਨ ਦਾ ਨਾਮ ਹਟਾਇਆ

by

ਓਂਟਾਰੀਓ (ਵਿਕਰਮ ਸਹਿਜਪਾਲ) : 2 ਮਹੀਨੇ ਪਹਿਲਾਂ ਕੈਨੇਡਾ ਸਰਕਾਰ ਨੇ ਆਪਣੀ ਜਿਸ ਸੁਰੱਖਿਆ ਰਿਪੋਰਟ ਵਿੱਚ ਸਿੱਖ ਖਾਲਿਸਤਾਨੀ ਕੱਟੜਵਾਦ ਨੂੰ ਆਪਣੇ ਦੇਸ਼ ਲਈ ਖਤਰਾ ਦੱਸਿਆ ਸੀ, ਉਸ ਖਤਰੇ ਦੀ ਸੂਚੀ ਵਾਲੀ ਰਿਪੋਰਟ ਵਿੱਚੋਂ ਸਿੱਖ ਖਾਲਿਸਤਾਨੀ ਸ਼ਬਦ ਹਟਾ ਲਿਆ ਗਿਆ ਹੈ। ਇਸ ਸਬੰਧੀ ਇੱਕ ਮੰਗ ਉੱਥੋਂ ਦੇ ਸਿੱਖ ਸੰਸਦ ਜਗਮੀਤ ਸਿੰਘ ਨੇ ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਕੀਤੀ ਸੀ। 


ਜਿਸ ‘ਤੇ ਕਾਰਵਾਈ ਕਰਦਿਆਂ ਟਰੂਡੋ ਸਰਕਾਰ ਨੇ ਐਲਾਨ ਕੀਤਾ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਜਿੱਥੇ ਉੱਥੇ ਵਸਦੇ ਸਿੱਖਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਉਸ ਭਾਰਤ ਸਰਕਾਰ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਜਿਹੜੀ ਲੰਮੇ ਸਮੇਂ ਤੋਂ ਉੱਥੇ ਵਸਦੇ ਸਿੱਖ ਕੱਟੜਪੰਥੀਆਂ ਨੂੰ ਕੈਨੇਡਾ ਹੀ ਨਹੀਂ ਭਾਰਤ ਲਈ ਵੀ ਖ਼ਤਰਾ ਮੰਨਦੀ ਆਈ ਹੈ। 


ਸਰਕਾਰ ਦੇ ਇਸ ਫੈਸਲੇ ਨਾਲ ਸੰਸਦ ਮੈਂਬਰ ਜਗਮੀਤ ਸਿੰਘ ਦਾ ਉੱਥੋਂ ਦੇ ਸਿੱਖ ਭਾਈਚਾਰੇ ਅੰਦਰ ਸਤਿਕਾਰ ਹੋਰ ਵਧਿਆ ਹੈ। ਦੱਸ ਦਈਏ ਕਿ 2 ਮਹੀਨੇ ਪਹਿਲਾਂ ਜਦੋਂ ਖਾਲਿਸਤਾਨੀ ਵੱਖਵਾਦ ਨੂੰ ਕੈਨੇਡਾ ਸਰਕਾਰ ਨੇ ਪਹਿਲੀ ਵਾਰ ਅੱਤਵਾਦੀ ਖਤਰਿਆਂ ਵਿੱਚੋਂ ਇੱਕ ਮੰਨਦਿਆਂ ਆਪਣੀ ਪਬਲਿਕ ਸੇਫਟੀ ਰਿਪੋਰਟ 2018 ‘ਆਨ ਟੈਰੀਜ਼ਮ ਥ੍ਰੇਟ ਟੂ ਕੈਨੇਡਾ’ ਵਿੱਚ ਜਗ੍ਹਾ ਦਿੱਤੀ ਸੀ, ਤਾਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਉੱਥੇ ਵਸਦੇ ਸਿੱਖ, ਇਸ ਦਾ ਭਾਰੀ ਵਿਰੋਧ ਕਰਦਿਆਂ, ਉਕਤ ਸ਼ਬਦ ਸਰਕਾਰ ਦੀ ਇਸ ਰਿਪੋਰਟ ਵਿੱਚੋਂ ਹਟਾਉਣ ਦੀ ਮੰਗ ਕਰਦੇ ਆ ਰਹੇ ਸਨ।