ਸ਼੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਦਰਜਨ ਦੇ ਕਰੀਬ ਲੋਕ ਜ਼ਖਮੀ

by nripost

ਗੜ੍ਹਸ਼ੰਕਰ (ਰਾਘਵ): ਗੜ੍ਹਸ਼ੰਕਰ-ਨੰਗਲ ਸੜਕ 'ਤੇ ਸ਼ਾਹਪੁਰ ਪਹਾੜੀ 'ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇਕ ਟਾਟਾ-407 ਬੇਕਾਬੂ ਹੋਕੇ ਪਹਾੜੀ ਨਾਲ ਟਕਰਾ ਕੇ ਪਲਟ ਗਿਆ। ਜਿਸ ਵਿੱਚ ਦੋ ਦਰਜਨ ਦੇ ਕਰੀਬ ਸ਼ਰਧਾਂਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲਸ ਅਤੇ ਲੋਕਾਂ ਨੇ ਇਲਾਜ ਵਾਸਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕੰਗਥਲੀ, ਤਹਿਸੀਲ ਗੁਹਲਾਂ, ਜ਼ਿਲ੍ਹਾ ਕੈਥਲ, ਹਰਿਆਣਾ ਤੋਂ ਲਗਭਗ ਪੈਂਤੀ ਸ਼ਰਧਾਲੂ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਤੋਂ ਬਾਅਦ ਟਾਟਾ 407 ਵਿੱਚ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾ ਰਹੇ ਸਨ। ਜਦੋਂ ਉਹ ਸਵੇਰੇ ਬੀਤ ਇਲਾਕੇ ਦੇ ਪਿੰਡ ਕੋਟ ਅਤੇ ਸ਼ਾਹਪੁਰ ਦੀਆਂ ਪਹਾੜੀਆਂ ਦੇ ਵਿਚਕਾਰ ਪੁੱਜੇ ਤਾਂ ਗੱਡੀ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ਵਿਚ ਬੈਠੇ ਕਰੀਬ ਦੋ ਦਰਜਨ ਸ਼ਰਧਾਲੂ ਜ਼ਖ਼ਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਕੇ ਲੋਕਾਂ ਦੀ ਮੱਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ। ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਜ਼ਖ਼ਮੀਆਂ ਦਾ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਸਾਰਿਆਂ ਨੂੰ ਸਿਵਲ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਗੰਭੀਰ ਜ਼ਖ਼ਮੀਆਂ ਦੀ ਸੂਚੀ, ਜਸਵਿੰਦਰ ਕੌਰ ਪਤਨੀ ਬਲਵੀਰ ਸਿੰਘ, ਮਨਦੀਪ ਕੌਰ ਪੁੱਤਰੀ ਲਖਵਿੰਦਰ, ਪ੍ਰਭਜੋਤ ਸਿੰਘ ਪੁੱਤਰ ਲਖਵਿੰਦਰ, ਹਰਜੋਤ ਸਿੰਘ ਪੁੱਤਰ ਲਖਵਿੰਦਰ, ਜੋਗਿੰਦਰ ਕੌਰ ਪਤਨੀ ਫੁੰਮਣ ਸਿੰਘ, ਸੰਦੀਪ ਕੌਰ ਪੁੱਤਰ ਸੁਖਵਿੰਦਰ ਸਿੰਘ, ਗੁਰਪ੍ਰੀਤ ਕੌਰ ਪਤਨੀ ਅਸ਼ੋਕ ਕੁਮਾਰ, ਨਵਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਜਸਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਅਮਰਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ, ਨਵਰੀਤ ਕੌਰ ਪੁੱਤਰੀ ਪਰਵਿੰਦਰ ਸਿੰਘ, ਸਹਿਜਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ, ਮਨਜਿੰਦਰ ਸਿੰਘ ਪੁੱਤਰ ਹੀਰਾ ਸਿੰਘ ਸਮੇਤ ਲਗਭਗ ਸਾਰੇ ਜ਼ਖ਼ਮੀ ਪਿੰਡ ਕੰਗਥਲੀ ਦੇ ਵਸਨੀਕ ਦੱਸੇ ਜਾਂਦੇ ਹਨ।