
ਜਲੰਧਰ (ਨੇਹਾ): ਦੋ ਮਸ਼ਹੂਰ ਹਾਕੀ ਓਲੰਪੀਅਨ ਖਿਡਾਰੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਜਲੰਧਰ ਦਾ ਰਹਿਣ ਵਾਲਾ ਮਨਦੀਪ ਸਿੰਘ ਭਾਰਤੀ ਪੁਰਸ਼ ਹਾਕੀ ਟੀਮ ਦਾ ਸਟਰਾਈਕਰ ਹੈ ਅਤੇ ਉਸ ਨੂੰ ਟੀਮ ਦੀ ਗੋਲ ਮਸ਼ੀਨ ਵੀ ਕਿਹਾ ਜਾਂਦਾ ਹੈ। ਮਨਦੀਪ ਸਿੰਘ ਜਲਦ ਹੀ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਉਦਿਤਾ ਕੌਰ ਦੁਹਾਨ ਨਾਲ ਵਿਆਹ ਕਰਨ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦੋਵਾਂ ਹਾਕੀ ਉਲੰਪੀਅਨਾਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਵੇਗਾ।
ਇਸ ਦੌਰਾਨ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿਆਸਤ ਅਤੇ ਖੇਡ ਜਗਤ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਦੇ ਪੁੱਜਣ ਦੀ ਸੰਭਾਵਨਾ ਹੈ। ਦੋਵਾਂ ਖਿਡਾਰੀਆਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦੇ ਨਾਵਾਂ ਦੇ ਅੱਗੇ ਓਲੰਪੀਅਨ ਲਿਖਿਆ ਹੋਇਆ ਹੈ। ਮਨਦੀਪ ਦੀ ਹੋਣ ਵਾਲੀ ਪਤਨੀ ਉਦਿਤਾ ਹਿਸਾਰ ਦੀ ਰਹਿਣ ਵਾਲੀ ਹੈ ਅਤੇ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਡਿਫੈਂਡਰ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਉਦਿਤਾ ਹਾਕੀ ਇੰਡੀਆ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਰਹੀ ਹੈ।