
ਮੋਗਾ (ਰਾਘਵ) : ਅੱਜ ਮੋਗਾ-ਬਰਨਾਲਾ ਮੁੱਖ ਮਾਰਗ 'ਤੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਮਾਮੇ-ਭਾਣਜੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸਕੂਟਰੀ ਅਤੇ ਯੂ.ਪੀ ਨੰਬਰ ਗੱਡੀ ਵਿਚਾਲੇ ਹੋਈ ਟੱਕਰ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਭਾਣਜੇ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮਾਮੇ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਔਰਾ ਗੱਡੀ ਸਵਾਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਯੂ. ਪੀ ਸਾਈਡ ਪਰਤ ਰਹੇ ਸਨ ਜਦੋਂ ਉਹ ਲੁਹਾਰਾ ਨਜ਼ਦੀਕ ਪੁੱਜੇ ਤਾਂ ਸਕੂਟਰੀ ਸਵਾਰ ਵਿਅਕਤੀਆਂ ਨੇ ਅਚਾਨਕ ਸਕੂਟਰੀ ਲਿੰਕ ਰੋਡ ਤੋਂ ਹਾਈਵੇਅ ਉੱਪਰ ਚੜ੍ਹਾ ਦਿੱਤੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਗੱਡੀ ਤੇਜ਼ ਹੋਣ ਕਾਰਨ ਕੰਟਰੋਲ ਤੋਂ ਬਾਹਰ ਹੋ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮਰਨ ਵਾਲੇ ਦੋਵੇਂ ਵਿਅਕਤੀ ਆਪਸ ਵਿਚ ਮਾਮਾ ਭਾਣਜਾ ਸਨ ਜਿਨ੍ਹਾਂ ਵਿਚ ਮ੍ਰਿਤਕ ਮਾਮਾ ਸੰਤੋਖ ਸਿੰਘ ਪਿੰਡ ਬੁਰਜ ਨਕਲੀਆ (ਰਾਏਕੋਟ) ਦਾ ਜਦਕਿ ਭਾਣਜਾ ਦਰਸ਼ਨ ਸਿੰਘ ਪਿੰਡ ਬੁਰਜ ਕਲਾਰਾ (ਮੋਗਾ) ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੌਕੇ ਤੇ ਪੁੱਜ ਪੁਲਸ ਪਾਰਟੀ ਨੇ ਗੱਡੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਹਾਦਸੇ ਵਿਚ ਮਰਨ ਵਾਲੇ ਦੋਵਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।