ਮੋਂਟਰੀਅਲ (ਐੱਨਆਰਆਈ ਮੀਡਿਆ): ਮੋਂਟਰੀਅਲ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੀ ਸਿੱਖ ਸੰਗਤ ਵਲੋਂ ਇਕ ਵੱਡੇ ਕਦਮ ਕਨੇਡਾ ਵਿੱਚ ਵਿੱਤੀ ਤੰਗੀ ਕਾਰਨ ਕੰਮ ਤੋਂ ਵਾਂਝੇ ਅਤੇ ਮਨੋਵਿਗਿਆਨਕ ਤਣਾਅ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਹਰ ਮਹੀਨੇ ਸਕਾਲਰਸ਼ਿਪ ਦੇਣ ਦਾ ਉਪਰਾਲਾ ਕਿੱਤਾ ਗਿਆ ਹੈ।
ਗੁਰੂ ਨਾਨਕ ਦਰਬਾਰ ਲਸਾਲ ਦੇ ਬੁਲਾਰੇ ਨੇ ਕਿਹਾ,''ਸੰਸਾਰ ਵਿੱਚ ਕੋਈ ਵੀ ਕਾਮਯਾਬੀ ਨਿੱਜੀ ਲਾਭ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਉਹ ਸਮਾਜ ਅਤੇ ਕੌਮ ਦੀ ਭਲਾਈ ਲਈ ਵੀ ਲਾਭਕਾਰੀ ਹੋਣੀ ਚਾਹੀਦੀ ਹੈ।'' ਬੁਲਾਰੇ ਨੇ ਦੱਸਿਆ ਕਿ ਮੋਂਟਰੀਅਲ ਦੀ ਸਿੱਖ ਸੰਗਤ ਨੇ 'ਚੜ੍ਹਦੀਕਲਾ ਸਕਾਲਰਜ਼ ਫਾਊਂਡੇਸ਼ਨ' ਦੇ ਜਰੀਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਹਰ ਮਹੀਨੇ ਸਕਾਲਰਸ਼ਿਪ ਦੇਣ ਦੀ ਸ਼ੁਰੂਆਤ ਕੀਤੀ ਹੈ। ਇਹ ਉਪਰਾਲਾ ਵਿਦਿਆਰਥੀਆਂ ਦੀਆਂ ਵੱਧ ਰਹੀਆਂ ਵਿੱਤੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਕਿਸੇ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਦੱਸਿਆ ਕਿ ਪਹਿਲੇ ਮੌਕੇ 3 ਵਿਦਿਆਰਥਣਾਂ ਵਿੱਤੀ ਸਹਾਇਤਾ ਦੇ ਤੋਰ ਤੇ ਨੂੰ 500-500 ਡਾਲਰ ਦੀ ਸਕਾਲਰਸ਼ਿਪ ਦਿੱਤੀ ਗਈ। ਇਹ ਉਪਰਾਲਾ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਪ੍ਰੇਰਣਾ ਬਣੇਗਾ, ਜੋ ਵਿਦੇਸ਼ ਵਿੱਚ ਵਿੱਤੀ ਤੰਗੀ ਕਾਰਨ ਕੰਮ ਤੋਂ ਵਾਂਝੇ ਹਨ ਜਾਂ ਜੋ ਮਨੋਵਿਗਿਆਨਕ ਤਣਾਅ ਦਾ ਸਾਹਮਣਾ ਕਰ ਰਹੇ ਹਨ।
ਇਸੇ ਦੌਰਾਨ ਸਿੱਖ ਸੰਗਤ ਨੇ ਪ੍ਰਣ ਲਿਆ ਕਿ ਉਹ ਆਉਣ ਵਾਲੇ ਸਮੇ ਵਿੱਚ ਸਕਾਲਰਸ਼ਿਪ ਹੋਰ ਵਿਦਿਆਰਥੀਆਂ ਲਈ ਵੀ ਵਧਾਈ ਜਾਵੇਗੀ, ਤਾਂ ਜੋ ਵੱਡੇ ਪੱਧਰ 'ਤੇ ਵਿਦਿਆਰਥੀਆਂ ਨੂੰ ਸਹਾਰਾ ਮਿਲ ਸਕੇ। ਇਸੇ ਕਰਕੇ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਵਿੱਖ ਵਿੱਚ ਹੋਰ ਵੀ ਉਪਰਾਲੇ ਕਰ ਕੇ ਵਿਦਿਆਰਥੀਆਂ ਦੀ ਸਹਾਇਤਾ ਜਾਰੀ ਰੱਖਣ ਦਾ ਐਲਾਨ ਕਿੱਤਾ ਹੈ। ਇਸ ਮੌਕੇ, ਕਈ ਪਤਵੰਤੇ ਸਿੱਖ ਨੇਤਾਵਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜਦਕਿ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੀ ਯਾਦ 'ਚ ਹੋ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਆਖ਼ਰ ਵਿੱਚ, ਗੁਰਦੁਆਰਾ ਪ੍ਰਬੰਧਕਾਂ ਵੱਲੋਂ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਮੋਂਟਰੀਅਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ 'ਚ ਕੌਮੀ ਸ਼ਹੀਦਾਂ ਦੇ ਸਤਿਕਾਰ ਅਤੇ ਸਨਮਾਨ ਤਹਿਤ ਹਰ ਮਹੀਨੇ 18 ਤਰੀਕ ਨੂੰ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਚੌਪਈ ਸਾਹਿਬ ਦੇ ਜਾਪ ਕੀਤੇ ਜਾਂਦੇ ਹਨ। ਓਥੇ ਹੀ ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ।