ਐੱਨਡੀਪੀ ਆਗੂ ਵੱਲੋੋਂ ਟਰੰਪ ਨੂੰ ਸੁਨੇਹਾ ‘ਕੈਨੇਡਾ ਵਿਕਾਊ ਨਹੀਂ ਹੈ, ਲੋਕ ਪੂਰੀ ਤਾਕਤ ਨਾਲ ਲੜਨ ਵਾਸਤੇ ਤਿਆਰ ’

by nripost

ਵੈਨਕੂਵਰ (ਰਾਘਵ): ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਵਧਾਉਣ ਦੀਆਂ ਧਮਕੀਆਂ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਪੇਸ਼ਕਸ਼ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸਿੰਘ ਨੇ ਕਿਹਾ ਕਿ ਕੈਨੇਡਾ ‘ਵਿਕਾਊ ਨਹੀਂ ਹੈ’ ਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਕੈਨੇੇਡਾ ਦੇ ਲੋਕ ਪੂਰੀ ਤਾਕਤ ਨਾਲ ਲੜਨ ਵਾਸਤੇ ਤਿਆਰ ਹਨ।

ਜਗਮੀਤ ਸਿੰਘ ਨੇ ਸੋਸ਼ਲ ਮੀਡਆ ਪਲੈਟਫਾਰਮ ਐਕਸ ਉੱਤੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ, ‘‘ਡੋਨਲਡ ਟਰੰਪ ਲਈ ਮੇਰਾ ਸੁਨੇਹਾ ਸਪਸ਼ਟ ਹੈ: ਸਾਡਾ ਦੇਸ਼ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ।’’ ਸਿੰਘ ਨੇ ਅੱਗੇ ਕਿਹਾ ਕਿ ਕੈਨੇਡਾ ਦੇ ਲੋਕ ਗ਼ੈਰਤ ਵਾਲੇ ਲੋਕ ਹਨ ਤੇ ਦੇਸ਼ ਦੀ ਪ੍ਰਭੂਸੱਤਾ ਲਈ ‘ਅਸੀਂ ਨਰਕ ਜਿਹੀ ਲੜਾਈ ਲੜਨ ਲਈ ਤਿਆਰ ਹਾਂ।’’

ਕਾਬਿਲੇਗੌਰ ਹੈ ਕਿ ਡੋਨਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘ਗਵਰਨਰ’ ਦੱਸ ਕੇ ਮਖੌਲ ਉਡਾਇਆ ਸੀ। ਇਸ ਦੇ ਜਵਾਬ ਵਿਚ ਸਿੰਘ ਨੇ ਕਿਹਾ, ‘‘ਜੇ ਟਰੰਪ ਸਾਡੇ ਨਾਲ ਆਢਾ ਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਵੱਡੀ ਕੀਮਤ ਤਾਰਨੀ ਪਏਗੀ। ਜੇ ਉਹ ਸਾਡੇ ਉੱਤੇ ਟੈਕਸ ਲਾਉਂਦੇ ਹਨ ਤਾਂ ਸਾਨੂੰ ਵੀ ਜਵਾਬ ਵਿਚ ਟੈਕਸ ਲਗਾਉਣੇ ਚਾਹੀਦੇ ਹਨ।’’ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ, ‘ਕੈਨੇਡਾ ਤੇ ਅਮਰੀਕਾ ਦੇ ਰਲੇਵੇਂ ਦੀ ਸੰਭਾਵਨੀ ਨਹੀਂ ਹੈ। ਇਹ ਕਦੇ ਨਹੀਂ ਹੋਵੇਗਾ।’’