ਵੈਨਕੂਵਰ (ਰਾਘਵ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸਬੰਧੀ ਟਿੱਪਣੀ ਨੇ ਭਾਰੀ ਟੈਕਸਾਂ ਕਾਰਨ ਅਮਰੀਕੀ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਦਾ ਧਿਆਨ ਵੰਡਾ ਦਿੱਤਾ ਹੈ। ਟਰੰਪ ਨੇ ਕੈਨੇਡੀਅਨ ਵਸਤਾਂ ਦੀ ਦਰਾਮਦ ’ਤੇ 25 ਫ਼ੀਸਦੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ।
ਟਰੂਡੋ ਨੇ ਅਮਰੀਕੀ ਨਿਊਜ਼ ਚੈਨਲ ‘ਐੱਮਐੱਸਐੱਨਬੀਸੀ’ ਨਾਲ ਇੰਟਰਵਿਊ ’ਚ ਕਿਹਾ, ‘‘ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣਨ ਵਾਲਾ ਹੈ। ਲੋਕ ਇਸ ਬਾਰੇ ਚਰਚਾ ਕਰ ਰਹੇ ਹਨ ਪਰ ਅਮਰੀਕਾ ’ਚ ਆਉਣ ਵਾਲੇ ਸਟੀਲ ਅਤੇ ਐਲੂਮੀਨਿਅਮ ’ਤੇ ਲੱਗਣ ਵਾਲੇ 25 ਫ਼ੀਸਦੀ ਟੈਕਸ ਨਾਲ ਪੈਣ ਵਾਲੇ ਅਸਰ ਬਾਰੇ ਉਹ ਗੱਲ ਨਹੀਂ ਕਰ ਰਹੇ ਹਨ।’’ ਟਰੂਡੋ ਨੇ ਕਿਹਾ ਕਿ ਕੋਈ ਵੀ ਅਮਰੀਕੀ ਬਿਜਲੀ ਜਾਂ ਤੇਲ ਤੇ ਗੈਸ ਲਈ 25 ਫ਼ੀਸਦੀ ਜ਼ਿਆਦਾ ਅਦਾਇਗੀ ਨਹੀਂ ਕਰਨਾ ਚਾਹੁੰਦਾ ਹੈ, ਜਿਸ ਬਾਰੇ ਲੋਕਾਂ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ। ਟਰੂਡੋ ਨੇ ਕਿਹਾ ਕਿ ਟਰੰਪ ਵੱਲੋਂ ਟੈਕਸ ਲਗਾਉਣ ਜਿਹੀਆਂ ਗੱਲਾਂ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾਉਣਗੀਆਂ।
ਕੈਨੇਡਾ ਵੱਲੋਂ ਜਵਾਬੀ ਕਾਰਵਾਈ ਦੀ ਚਿਤਾਵਨੀ
ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਟਰੰਪ ਟੈਕਸ ਲਗਾਉਣ ਦੀ ਆਪਣੀ ਧਮਕੀ ’ਤੇ ਅਮਲ ਕਰਦੇ ਹਨ ਤਾਂ ਕੈਨੇਡਾ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਜੇ ਕੈਨੇਡੀਅਨ ਵਸਤਾਂ ਦੀ ਬਰਾਮਦ ’ਤੇ ਭਾਰੀ ਟੈਕਸ ਲਗਾਏ ਗਏ ਤਾਂ ਉਹ ਵੀ ਅਮਰੀਕੀ ਸੰਤਰੇ ਦੇ ਜੂਸ, ਪਖਾਨਿਆਂ ਸਬੰਧੀ ਵਸਤਾਂ ਅਤੇ ਕੁਝ ਸਟੀਲ ਉਤਪਾਦਾਂ ’ਤੇ ਟੈਕਸ ਲਗਾਉਣ ਉਪਰ ਵਿਚਾਰ ਕਰਨਗੇ।