ਪ੍ਰਾਗ (ਨੇਹਾ): ਚੈੱਕ ਗਣਰਾਜ ਦੇ ਉੱਤਰੀ-ਪੱਛਮੀ ਸ਼ਹਿਰ ਮੋਸਟ 'ਚ ਇਕ ਰੈਸਟੋਰੈਂਟ 'ਚ ਭਿਆਨਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਿਲੰਡਰ ਫਟਣ ਕਾਰਨ ਇਮਾਰਤ ਨੂੰ ਅੱਗ ਲੱਗ ਗਈ, ਜਿਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਚੈੱਕ ਫਾਇਰ ਰੈਸਕਿਊ ਸਰਵਿਸ ਨੇ ਐਕਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ ਸ਼ਨੀਵਾਰ ਦੇਰ ਸ਼ਾਮ ਹੋਏ ਧਮਾਕੇ 'ਚ ਅੱਠ ਲੋਕ ਜ਼ਖਮੀ ਹੋ ਗਏ ਅਤੇ 30 ਲੋਕਾਂ ਨੂੰ ਰੈਸਟੋਰੈਂਟ ਅਤੇ ਨੇੜੇ ਦੀਆਂ ਇਮਾਰਤਾਂ 'ਚੋਂ ਬਾਹਰ ਕੱਢਿਆ ਗਿਆ।
ਫਾਇਰ ਬ੍ਰਿਗੇਡ ਨੇ ਦੱਸਿਆ ਕਿ ਚਸ਼ਮਦੀਦਾਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਇੱਕ ਪ੍ਰੋਪੇਨ-ਬਿਊਟੇਨ ਸਿਲੰਡਰ (ਹੀਟਰ) ਪਲਟ ਗਿਆ, ਜਿਸ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਕਿਹਾ ਕਿ ਉਸ ਨੇ ਰੈਸਟੋਰੈਂਟ ਦੇ ਇੱਕ ਗੰਭੀਰ ਜ਼ਖਮੀ ਮਹਿਮਾਨ ਨੂੰ ਬਚਾਇਆ ਹੈ ਜੋ ਬਾਥਰੂਮ ਵਿੱਚ ਫਸਿਆ ਹੋਇਆ ਸੀ। ਸੂਤਰਾਂ ਦੇ ਅਨੁਸਰ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਰੈਸਟੋਰੈਂਟ ਵਿੱਚ ਕਰੀਬ 20 ਮਹਿਮਾਨ ਮੌਜੂਦ ਸਨ।