ਨਕਲੀ ਸੀਆਈਏ ਟੀਮ ਨੇ ਹੋਟਲ ‘ਚ ਵੜ ਕੇ ਕੀਤੀ ਲੁੱਟ

by nripost

ਲੁਧਿਆਣਾ (ਰਾਘਵ): ਮਹਾਨਗਰ ਦੇ ਥਾਣਾ ਮਾਡਲ ਟਾਊਨ ਅਧੀਨ ਇੱਕ ਹੋਟਲ ਵਿੱਚ ਨਕਲੀ ਸੀਆਈਏ ਕਰਮਚਾਰੀ ਬਣ ਕੇ ਆਏ ਬਦਮਾਸ਼ਾਂ ਨੇ ਕਮਰੇ ਵਿੱਚ ਰਹਿ ਰਹੇ ਦੋ ਦੋਸਤਾਂ ਨਾਲ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਬਦਮਾਸ਼ਾਂ ਨੇ ਪੀੜਤਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ ਤੇ ਉਹਨਾਂ ਕੋਲੋਂ 16 ਲੱਖ ਰੁਪਏ ਨਗਦੀ ਅਤੇ ਦੋ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਅੰਜਾਮ ਦੇ ਕੇ ਬਦਮਾਸ਼ ਮੌਕੇ ਤੋਂ ਗਏ ਤਾਂ ਪੀੜਤ ਨੇ ਰੌਲਾ ਪਾ ਕੇ ਹੋਟਲ ਸਟਾਫ ਅਤੇ ਥਾਣਾ ਮਾਡਲ ਟਾਊਨ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ।

ਇਸ ਵਾਰਦਾਤ ਦੇ ਸ਼ਿਕਾਰ ਅਮਰਜੀਤ ਸਿੰਘ ਮੁਤਾਬਕ ਉਹ ਆਪਣੇ ਪਰਿਵਾਰਕ ਮੈਂਬਰ ਨੂੰ ਕਨੇਡਾ ਭੇਜਣਾ ਚਾਹੁੰਦਾ ਸੀ। ਵਿਦੇਸ਼ ਭੇਜਣ ਲਈ ਉਸਦੀ ਰਾਜਕੁਮਾਰ ਨਾਮ ਦੇ ਇੱਕ ਆਦਮੀ ਨਾਲ ਗੱਲਬਾਤ ਚੱਲ ਰਹੀ ਸੀ। ਉਕਤ ਵਿਅਕਤੀ ਨੇ ਦਾਵਾ ਕੀਤਾ ਸੀ ਕਿ ਉਹ ਪੀੜਤ ਦੇ ਰਿਸ਼ਤੇਦਾਰ ਨੂੰ ਕਨੇਡਾ ਪਹੁੰਚ ਕੇ ਉਹਨਾਂ ਕੋਲੋਂ 16 ਲੱਖ ਰੁਪਏ ਲਵੇਗਾ। ਪੀੜਿਤ ਮੁਤਾਬਕ ਰਾਜ ਕੁਮਾਰ ਨੇ ਕਿਹਾ ਸੀ ਕਿ ਉਹ ਆਪਣੇ ਲੜਕੇ ਅਮਿਤ ਨੂੰ ਭੇਜ ਰਿਹਾ ਹੈ ਤੇ ਉਹ ਸਿਰਫ ਉਸ ਨੂੰ ਇਹ ਯਕੀਨ ਦਵਾ ਦੇਣ ਕਿ ਉਹ ਨਕਦੀ ਆਪਣੇ ਨਾਲ ਲੈ ਕੇ ਆਏ ਹਨ। ਸਾਰੀ ਗੱਲਬਾਤ ਹੁਣ ਮਗਰੋਂ ਅਮਿਤ ਕੁਮਾਰ ਨੇ ਦੱਸਿਆ ਕਿ ਹੋਟਲ ਰਿਜੰਟਾ ਕਲਾਸਿਕ ਵਿੱਚ ਠਹਿਰਿਆ ਹੈ ਅਤੇ ਹੋਟਲ ਵਿੱਚ ਆ ਕੇ ਪੈਸੇ ਦੇ ਜਾਵੇ।

ਅਮਰਜੀਤ ਨੇ ਅਮਿਤ ਕੁਮਾਰ ਨਾਲ ਉਸਦੇ ਕਮਰੇ ਵਿੱਚ ਹੀ ਨਗਦੀ ਸਮੇਤ ਰਹਿਣ ਦਾ ਫੈਸਲਾ ਕੀਤਾ। ਤੜਕੇ ਕਰੀਬ ਤਿੰਨ ਵਜੇ ਅਮਿਤ ਨੇ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਦਰਵਾਜ਼ਾ ਖੋਲਦੇ ਹੀ ਪੰਜ ਛੇ ਲੋਕ ਜਬਰਦਸਤੀ ਕਮਰੇ ਵਿੱਚ ਆ ਵੜੇ। ਉਹਨਾਂ ਆਪਣੇ ਆਪ ਨੂੰ ਸੀਆਈਏ ਸਟਾਫ ਦੇ ਮੁਲਾਜ਼ਮ ਦੱਸਿਆ ਅਤੇ ਪਿਸਤੌਲ ਦੀ ਨੋਕ ਤੇ ਗੌਰਵ ਸ਼ਰਮਾ ਨੂੰ ਬੰਧਕ ਬਣਾ ਕੇ 16 ਲੱਖ ਰੁਪਏ ਅਤੇ ਉਹਨਾਂ ਦੇ ਦੋਨੋਂ ਮੋਬਾਇਲ ਆਪਣੇ ਨਾਲ ਲੈ ਗਏ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਮੌਕੇ ਤੇ ਪੁੱਜ ਕੇ ਹੋਟਲ ਦੇ ਸੀਸੀ ਟੀਵੀ ਕੈਮਰੇ ਅਤੇ ਸੜਕ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।