ਬ੍ਰਾਜ਼ੀਲ (ਨੇਹਾ): ਬ੍ਰਾਜ਼ੀਲ 'ਚ ਐਤਵਾਰ ਨੂੰ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇਹ ਹਾਦਸਾ ਗ੍ਰਾਮਾਡੋ ਸੇਰਾ ਗੌਚਾ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ ਇਕ ਘਰ ਦੀ ਚਿਮਨੀ ਨਾਲ ਟਕਰਾਉਣ ਤੋਂ ਬਾਅਦ ਇਕ ਛੋਟਾ ਜਹਾਜ਼ ਇਕ ਇਮਾਰਤ ਦੀ ਦੂਜੀ ਮੰਜ਼ਿਲ ਨਾਲ ਟਕਰਾ ਗਿਆ ਅਤੇ ਬਾਅਦ ਵਿਚ ਇਕ ਦੁਕਾਨ 'ਤੇ ਜਾ ਡਿੱਗਿਆ। ਇਸ ਹਾਦਸੇ 'ਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਜ਼ਮੀਨ 'ਤੇ ਮੌਜੂਦ ਕਈ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਰੀਓ ਗ੍ਰਾਂਡੇ ਡੋ ਸੁਲ ਰਾਜ ਦੇ ਗਵਰਨਰ ਐਡੁਆਰਡੋ ਲੀਤੇ ਨੇ ਟਵਿੱਟਰ 'ਤੇ ਲਿਖਿਆ ਕਿ ਗ੍ਰਾਮਾਡੋ ਸ਼ਹਿਰ ਵਿਚ ਇਸ ਹਾਦਸੇ ਵਿਚ ਕੋਈ ਵੀ ਯਾਤਰੀ ਨਹੀਂ ਬਚਿਆ। ਜਹਾਜ਼ ਵਿੱਚ 9 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਸੀ। ਰੀਓ ਗ੍ਰਾਂਡੇ ਡੋ ਸੁਲ ਰਾਜ ਦੇ ਜਨਤਕ ਸੁਰੱਖਿਆ ਦਫਤਰ ਨੇ ਦੱਸਿਆ ਕਿ 15 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਹਾਦਸੇ ਕਾਰਨ ਲੱਗੀ ਅੱਗ ਅਤੇ ਧੂੰਏਂ ਤੋਂ ਪ੍ਰਭਾਵਿਤ ਹੋਏ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।