ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ 6 ਮੈਂਬਰੀ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ

by nripost

ਲੁਧਿਆਣਾ (ਰਾਘਵ): ਲੁਧਿਆਣਾ ਦੇ ਥਾਣਾ ਪੀਏਯੂ ਦੀ ਪੁਲਿਸ ਨੇ ਇੱਕ ਅਜਿਹੇ 6 ਮੈਂਬਰੀ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰਾਤ ਵੇਲੇ ਸੜਕਾਂ ’ਤੇ ਉਤਰ ਕੇ ਰਾਹਗੀਰਾਂ ਨੂੰ ਲੁੱਟਦਾ ਸ਼ਿਕਾਰ ਬਣਾਉਂਦਾ ਸੀ। ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੱਲਾ ਪ੍ਰਤਾਪ ਸਿੰਘ ਵਾਲਾ ਦੇ ਵਾਸੀ ਰਿਸ਼ੀ ਹੰਸ, ਸਨੀ ਕੁਮਾਰ, ਅਕਸ਼ੈ ਉਰਫ ਅਕੂ, ਯੁਵਰਾਜ ਸਿੰਘ ਉਰਫ ਸਿਕੰਦਰ, ਇਆਲੀ ਕਲਾਂ ਦੇ ਵਾਸੀ ਰਾਹੁਲ ਤੇ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਆਦੀਸ਼ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਪੀਏਯੂ ਦੇ ਇੰਚਾਰਜ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਪੂਰਾ ਗਿਰੋਹ ਰਾਤ ਵੇਲੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਉੱਤਰ ਕੇ ਰਾਹਗੀਰਾਂ ਨੂੰ ਲੁੱਟਦਾ ਸ਼ਿਕਾਰ ਬਣਾਉਂਦਾ ਹੈ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਨੇ ਹਾਲ ਹੀ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਰਾਹਗੀਰਾਂ ਨੂੰ ਦਾਤ ਦਿਖਾ ਕੇ ਉਨ੍ਹਾਂ ਕੋਲੋਂ ਨਕਦੀ, ਮੋਬਾਇਲ ਫੋਨ ਤੇ ਹੋਰ ਸਾਮਾਨ ਲੁੱਟ ਲੈਂਦੇ ਸਨ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕੀਤੀ ਤੇ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਹਿਰਾਸਤ ’ਚ ਲਿਆ। ਐੱਸਐੱਚਓ ਰਜਿੰਦਰਪਾਲ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਇਲਾਕੇ ਦੇ ਰਹਿਣ ਵਾਲੇ ਸ਼ਿਵਮ ਕੁਮਾਰ ਨੇ ਇੱਕ ਮੁਕੱਦਮਾ ਦਰਜ ਕਰਵਾਇਆ ਸੀ। ਸ਼ਿਕਾਇਤਕਰਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਜਦੋਂ ਉਹ ਕੈਨਾਲ ਰੋਡ ਤੋਂ ਘਰ ਵੱਲ ਜਾ ਰਿਹਾ ਸੀ ਤਾਂ 6 ਵਿਅਕਤੀਆਂ ਨੇ ਉਸ ਨੂੰ ਦਾਤ ਦਿਖਾ ਕੇ ਉਸ ਕੋਲੋਂ ਮੋਬਾਇਲ ਫੋਨ ਲੁੱਟ ਲਿਆ ਸੀ। ਸਾਰੀਆਂ ਜਾਣਕਾਰੀਆਂ ਇਕੱਠੀਆਂ ਕਰਨ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਦੇ ਕਬਜ਼ੇ ’ਚੋਂ 8 ਮੋਬਾਇਲ ਫੋਨ, ਇੱਕ ਦਾਤਰ ਤੇ 2 ਮੋਟਰਸਾਈਕਲ ਬਰਾਮਦ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।