ਲੁਧਿਆਣਾ ‘ਚ ਨਜਾਇਜ਼ ਪਿਸਤੌਲ ਤੇ ਕਾਰਤੂਸਾਂ ਸਮੇਤ ਇਕ ਗ੍ਰਿਫ਼ਤਾਰ

by nripost

ਲੁਧਿਆਣਾ (ਰਾਘਵ): ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁੰਮ ਰਹੇ ਵਿਅਕਤੀ ਨੂੰ ਕਰਾਈਮ ਬਰਾਂਚ 2 ਦੀ ਟੀਮ ਨੇ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕ੍ਰਾਈਮ ਬਰਾਂਚ ਦੇ ਏਐਸਆਈ ਸੇਠੀ ਕੁਮਾਰ ਦੀ ਸ਼ਿਕਾਇਤ ਤੇ ਮਹਾਦੇਵ ਨਗਰ ਗਿਆਸਪੁਰਾ ਦੇ ਵਾਸੀ ਅਜੀਤ ਸਿੰਘ ਦੇ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫਸਰ ਸੇਠੀ ਕੁਮਾਰ ਨੇ ਦੱਸਿਆ ਕਿ ਕ੍ਰਾਈਮ ਬਰਾਂਚ ਦੀ ਟੀਮ ਗਸ਼ਤ ਕਰਦੀ ਹੋਈ ਸ਼ੇਰਪੁਰ ਟੈਂਕੀ ਦੇ ਲਾਗੇ ਪਹੁੰਚੀ । ਇਸੇ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਮੁਲਜਮ ਅਜੀਤ ਸਿੰਘ ਦੇ ਕੋਲ ਨਜਾਇਜ਼ ਹਥਿਆਰ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਫੌਜੀ ਕਲੋਨੀ ਦੇ ਇੱਕ ਖਾਲੀ ਪਲਾਟ ਵਿੱਚ ਪਹੁੰਚੀ ਜਿੱਥੋਂ ਪੁਲਿਸ ਨੇ ਮੁਲਜ਼ਮ ਨੂੰ 32 ਬੋਰ ਦੀ ਪਿਸਤੌਲ , ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਹਿਰਾਸਤ ਵਿੱਚ ਲਿਆ । ਸੇਠੀ ਕੁਮਾਰ ਨੇ ਦੱਸਿਆ ਕਿ ਪੁਲਿਸ ਮੁਲਜਮ ਕੋਲੋਂ ਵਧੇਰੇ ਪੁੱਛਗਿਛ ਕਰਨ ਵਿੱਚ ਜੁੱਟ ਗਈ ਹੈ।