ਕਾਂਕੇਰ (ਰਾਘਵ) : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਅਤੇ ਕਾਂਕੇਰ ਜ਼ਿਲਿਆਂ ਦੇ ਸਰਹੱਦੀ ਖੇਤਰ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 5 ਨਕਸਲੀ ਮਾਰੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਦੇ ਦੋ ਜਵਾਨ ਵੀ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਅਬੂਝਮਾਦ ਇਲਾਕੇ 'ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਭੇਜਿਆ ਗਿਆ। ਇਸ ਟੀਮ ਵਿੱਚ ਜ਼ਿਲ੍ਹਾ ਰਿਜ਼ਰਵ ਫੋਰਸ (DRG), ਸਪੈਸ਼ਲ ਟਾਸਕ ਫੋਰਸ (STF) ਅਤੇ ਸੀਮਾ ਸੁਰੱਖਿਆ ਬਲ ਦੇ ਕਰਮਚਾਰੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਜਦੋਂ ਟੀਮ ਅਬੂਝਾਮਦ ਇਲਾਕੇ 'ਚ ਸੀ ਤਾਂ ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਹੁਣ ਤੱਕ ਘਟਨਾ ਵਾਲੀ ਥਾਂ ਤੋਂ ਪੰਜ ਨਕਸਲੀਆਂ ਦੀਆਂ ਲਾਸ਼ਾਂ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਦੋਵਾਂ ਵਿਚਾਲੇ ਮੁਕਾਬਲਾ ਅਜੇ ਵੀ ਜਾਰੀ ਹੈ ਅਤੇ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ 'ਚ ਦੋ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਲਤ ਠੀਕ ਹੈ ਅਤੇ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਇਸ ਸਾਲ ਹੁਣ ਤੱਕ 197 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਇਸ ਤੋਂ ਪਹਿਲਾਂ 8 ਨਵੰਬਰ ਨੂੰ ਸੂਬੇ ਦੇ ਬੀਜਾਪੁਰ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਤਿੰਨ ਨਕਸਲੀ ਮਾਰੇ ਗਏ ਸਨ।