ਫਾਜ਼ਿਲਕਾ (ਨੇਹਾ): ਫਾਜ਼ਿਲਕਾ ਦੇ ਸਾਈਬਰ ਕ੍ਰਾਈਮ ਥਾਣੇ ਦੀ ਪੁਲੀਸ ਵੱਲੋਂ ਟਰੇਡਿੰਗ ਖਾਤਾ ਖੋਲ੍ਹਣ ਦੇ ਨਾਂ ’ਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਸ ਨੇ ਤਿੰਨ ਲੋਕਾਂ 'ਚੋਂ ਮੁੱਖ ਦੋਸ਼ੀ ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਸ਼ਾਂਤ ਨਾਗਪਾਲ ਨੇ ਦੱਸਿਆ ਕਿ ਉਹ ਵਪਾਰ ਦਾ ਕੋਈ ਕੰਮ ਕਰਦਾ ਸੀ। ਅਪ੍ਰੈਲ 2024 'ਚ ਉਸ ਨੂੰ ਯਸ਼ਪਾਲ ਪਟੇਲ ਨਾਂ ਦੇ ਵਿਅਕਤੀ ਦਾ ਕਾਲ ਆਇਆ, ਜਿਸ ਨੇ ਉਸ ਨੂੰ ਸ਼ੇਅਰ ਬਾਜ਼ਾਰ 'ਚ ਜ਼ਿਆਦਾ ਮੁਨਾਫਾ ਕਮਾਉਣ ਦੇ ਨਾਂ 'ਤੇ ਆਪਣੇ ਦੋਸਤਾਂ ਅਮਿਤ ਅਤੇ ਸਾਗਰ ਭਾਈ ਨਾਲ ਫੋਨ 'ਤੇ ਗੱਲ ਕਰਨ ਲਈ ਕਿਹਾ।
ਜਿਸ ਨੇ ਉਸ ਨੂੰ ਲਾਲਚ ਦੇ ਕੇ ਸਾਗਰ ਮੈਸੇਜ ਬ੍ਰੋਕਰ ਸਾਈਟ ਦੇ ਨਾਂ 'ਤੇ 60 ਲੱਖ 23 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ। ਕੁਝ ਦਿਨਾਂ ਬਾਅਦ ਸਾਗਰ ਭਾਈ ਨਾਂ ਦੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਸਟਾਕ ਮਾਰਕੀਟ 'ਚ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਆਪਣੀ ਜਾਅਲੀ ਸਾਈਟ ਜੋ ਸਾਗਰ ਭਾਈ ਦੇ ਨਾਂ 'ਤੇ ਸੀ ਬੰਦ ਕਰ ਦਿੱਤੀ। ਇਸ ਤਰ੍ਹਾਂ ਯਸ਼ਪਾਲ, ਅਮਿਤ ਅਤੇ ਸਾਗਰ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਸੁਸ਼ਾਂਤ ਨਾਗਪਾਲ ਦੇ ਬਿਆਨ 'ਤੇ ਸਾਈਬਰ ਕ੍ਰਾਈਮ ਪੁਲਸ ਨੇ ਗੁਜਰਾਤ ਦੇ ਮਹਿਸਾਣਾ ਜ਼ਿਲੇ ਦੇ ਮਹਤਵਾੜ ਨਿਵਾਸੀ ਯਸ਼ਪਾਲ ਪਟੇਲ, ਅਮਿਤ ਭਾਈ ਅਤੇ ਸਾਗਰ ਭਾਈ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ 'ਤੇ ਪੁਲਸ ਨੇ ਯਸ਼ਪਾਲ ਨੂੰ ਗ੍ਰਿਫਤਾਰ ਕਰ ਲਿਆ ਸੀ।