ਜਲੰਧਰ : ਜਲੰਧਰ ਤੋਂ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 18 ਸਾਲਾ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਵਾਸੀ ਗੜ੍ਹਾ, ਜਲੰਧਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਾਹਿਲ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਦੀ ਬੇਇੱਜ਼ਤੀ ਕਾਰਨ ਪਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਸਾਹਿਲ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਸਾਹਿਲ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਰੱਖੜੀ ਬੰਨ੍ਹਵਾਈ।
ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਹਿਲ ਦਾ ਪਿਤਾ ਟੈਕਸੀ ਡਰਾਈਵਰ ਸੀ ਅਤੇ ਉਹ ਆਪਣੀ ਦਾਦੀ ਨਾਲ ਰਹਿੰਦਾ ਸੀ। ਸਾਹਿਲ ਮੋਬਾਈਲ ਰਿਪੇਅਰਿੰਗ ਦਾ ਕੰਮ ਸਿੱਖ ਰਿਹਾ ਸੀ। ਇਸ ਦੌਰਾਨ ਖਬਰ ਸਾਹਮਣੇ ਆਈ ਕਿ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਫੋਨ 'ਤੇ ਬੁਲਾਇਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਸ ਦੀ ਗਰਲਫ੍ਰੈਂਡ ਨੇ ਉਸ ਨੂੰ ਰੱਖੜੀ ਵੀ ਬੰਨ੍ਹ ਦਿੱਤੀ।ਮ੍ਰਿਤਕ ਦੇ ਪਿਤਾ ਹੈਪੀ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੁਆਫੀ ਮੰਗ ਕੇ ਆਪਣੇ ਪੁੱਤਰ ਨੂੰ ਉਥੋਂ ਛੁਡਵਾਇਆ। ਉਕਤ ਘਟਨਾ ਤੋਂ ਬਾਅਦ ਉਸ ਦਾ ਪੁੱਤਰ ਪ੍ਰੇਸ਼ਾਨ ਰਹਿੰਦਾ ਸੀ। ਉੱਥੇ ਹੀ ਪੁਲਸ ਨੇ ਦੱਸਿਆ ਕਿ ਫਗਵਾੜੀ ਮੁਹੱਲਾ ਨਿਵਾਸੀ ਸ਼ੰਟੀ ਅਤੇ ਉਸ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।