ਇਸਲਾਮਾਬਾਦ (ਜਸਪ੍ਰੀਤ) : ਪਾਕਿਸਤਾਨ 'ਚ ਅੱਤਵਾਦੀ ਹਮਲਿਆਂ 'ਚ ਚੀਨੀ ਨਾਗਰਿਕਾਂ ਦੀ ਮੌਤ ਨੂੰ ਲੈ ਕੇ ਬੀਜਿੰਗ ਨੇ ਇਕ ਵਾਰ ਫਿਰ ਸ਼ਾਹਬਾਜ਼ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ। ਇਸਲਾਮਾਬਾਦ 'ਚ ਚੀਨ ਦੇ ਰਾਜਦੂਤ ਜਿਆਂਗ ਜ਼ੇਦੋਂਗ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸੁਰੱਖਿਅਤ ਮਾਹੌਲ ਤੋਂ ਬਿਨਾਂ ਪਾਕਿਸਤਾਨ ਸਰਕਾਰ ਕੁਝ ਵੀ ਹਾਸਲ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਚੀਨੀ ਨਾਗਰਿਕਾਂ ਨੂੰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਸਥਿਤੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਨ ਨੇ ਪਾਕਿਸਤਾਨ ਤੋਂ ਵਾਅਦਾ ਲਿਆ ਸੀ ਕਿ ਉਹ ਦੇਸ਼ 'ਚ ਅੱਤਵਾਦੀ ਹਮਲਿਆਂ ਨੂੰ ਰੋਕਣ ਅਤੇ ਚੀਨੀ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਦਮ ਚੁੱਕੇਗਾ।
ਇਸ ਸਬੰਧ 'ਚ ਬੀਜਿੰਗ ਨੇ ਪਾਕਿਸਤਾਨ 'ਚ ਅੱਤਵਾਦ ਖਾਸ ਤੌਰ 'ਤੇ ਚੀਨ ਦੇ ਖਿਲਾਫ ਕੰਮ ਕਰਨ ਵਾਲੇ ਸਮੂਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। 'ਚਾਈਨਾ ਐਟ 75' ਸਿਰਲੇਖ ਵਾਲੇ ਸੈਮੀਨਾਰ 'ਚ ਬੋਲਦਿਆਂ ਜਿਆਂਗ ਜ਼ੇਦੋਂਗ ਨੇ ਕਿਹਾ ਕਿ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਪ੍ਰਾਜੈਕਟ ਲਈ ਸੁਰੱਖਿਆ ਖਾਮੀਆਂ ਸਭ ਤੋਂ ਵੱਡੀ ਰੁਕਾਵਟ ਬਣ ਗਈਆਂ ਹਨ। ਉਸਨੇ ਜ਼ੋਰ ਦੇ ਕੇ ਕਿਹਾ ਕਿ "ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ।" ਯਾਦ ਰਹੇ ਕਿ ਇਸ ਸਾਲ ਮਾਰਚ ਵਿੱਚ ਬਲੋਚਿਸਤਾਨ ਸੂਬੇ ਦੇ ਗਵਾਦਰ ਨੇੜੇ ਇੱਕ ਹਮਲੇ ਵਿੱਚ ਦੋ ਚੀਨੀ ਨਾਗਰਿਕ ਮਾਰੇ ਗਏ ਸਨ, ਜਿਸ ਦੀ ਜ਼ਿੰਮੇਵਾਰੀ ਵੱਖਵਾਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਨੇ ਲਈ ਸੀ।
ਚੀਨੀ ਰਾਜਦੂਤ ਜਿਆਂਗ ਜ਼ੇਦੋਂਗ ਨੇ ਕਾਨਫਰੰਸ ਵਿੱਚ ਇਨ੍ਹਾਂ ਹਮਲਿਆਂ ਨੂੰ ਲੈ ਕੇ ਬੀਜਿੰਗ ਦੀ ਚਿੰਤਾ ਬਾਰੇ ਗੱਲ ਕੀਤੀ ਅਤੇ ਚੀਨੀ ਨਾਗਰਿਕਾਂ ਅਤੇ ਨਿਵੇਸ਼ਾਂ ਦੀ ਸੁਰੱਖਿਆ ਲਈ ਕਾਰਵਾਈ ਦੀ ਅਪੀਲ ਕੀਤੀ। ਜਿਆਂਗ ਨੇ ਕਿਹਾ, "ਚੀਨੀ ਨਾਗਰਿਕਾਂ ਦੀ ਸੁਰੱਖਿਆ ਰਾਸ਼ਟਰਪਤੀ ਸ਼ੀ ਲਈ ਸਭ ਤੋਂ ਮਹੱਤਵਪੂਰਨ ਹੈ।" ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ੀ ਨੇ ਪਾਕਿਸਤਾਨੀ ਨੇਤਾਵਾਂ ਨਾਲ ਆਪਣੀਆਂ ਬੈਠਕਾਂ 'ਚ ਕਈ ਮੌਕਿਆਂ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ। 60 ਬਿਲੀਅਨ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੀ ਸਰਪ੍ਰਸਤੀ ਹੇਠ ਹਜ਼ਾਰਾਂ ਚੀਨੀ ਕਰਮਚਾਰੀ ਦੇਸ਼ ਵਿੱਚ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ।