ਸੁੰਦਰਗੜ੍ਹ (ਜਸਪ੍ਰੀਤ) : ਉੜੀਸਾ ਦੇ ਸੁੰਦਰਗੜ੍ਹ 'ਚ ਖਾਨਾਬਦੋਸ਼ ਸਮੂਹਾਂ ਵਿਚਾਲੇ ਹੋਏ ਝੜਪ 'ਚ 3 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਝੜਪ ਵਿੱਚ ਚਾਰ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਮੰਗਲਵਾਰ ਦੇਰ ਰਾਤ ਪਿੰਡ ਕਰਮਾਡੀਹੀ ਵਿੱਚ ਵਾਪਰੀ। ਦਰਅਸਲ, ਝਗੜਾ ਇੱਕ ਵਿਅਕਤੀ ਦੇ ਵਾਧੂ ਵਿਆਹੁਤਾ ਸਬੰਧਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ। ਇਸ ਮੌਕੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਰੋਧੀ ਧੜੇ ਨੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਦੂਜੇ ਪਾਸੇ ਪੱਛਮੀ ਰੇਂਜ ਦੇ ਡੀਆਈਜੀ ਬ੍ਰਿਜੇਸ਼ ਰੇਅ ਨੇ ਦੱਸਿਆ ਕਿ ਚਾਰ ਜ਼ਖ਼ਮੀਆਂ ਦਾ ਇਲਾਜ ਫਿਲਹਾਲ ਸੁੰਦਰਗੜ੍ਹ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਦੂਜੇ ਧੜੇ ਦੇ ਕੁਝ ਲੋਕ ਤੇਜ਼ਧਾਰ ਹਥਿਆਰਾਂ ਨਾਲ ਪਿੰਡ 'ਚ ਦਾਖਲ ਹੋਏ ਸਨ ਅਤੇ ਦੂਜੇ ਗਰੁੱਪ ਦੇ ਮੈਂਬਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ। ਸੀਨੀਅਰ ਪੁਲਿਸ ਅਧਿਕਾਰੀ, ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਮੌਕੇ 'ਤੇ ਮੌਜੂਦ ਹਨ।