ਅੰਮ੍ਰਿਤਸਰ (ਜਸਪ੍ਰੀਤ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਇਤਰਾਜ਼ਯੋਗ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਰਾਜਾ ਵੜਿੰਗ ਨੇ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉੱਥੋਂ ਦੇ ਜੱਥੇਦਾਰ ਸਾਹਿਬ ਮੇਰੇ ਲਈ ਅਤਿ ਸਤਿਕਾਰਯੋਗ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਨਿਯਮਾਂ ਨੂੰ ਮੈਂ ਇੱਕ ਨਿਮਾਣੇ ਸਿੱਖ ਵੱਜੋਂ ਹਮੇਸ਼ਾ ਮੰਨਦਾ ਆਇਆ ਹਾਂ ਤੇ ਸਮੁੱਚੇ ਜੀਵਨ ਮੰਨਦਾ ਰਿਹਾਂਗਾ। ਆਪ ਜਿਸ ਅਸਥਾਨ ਉੱਤੇ ਬਿਰਾਜਮਾਨ ਹੋ ਮੈਂ ਉਸ ਬਾਰੇ ਕਦੇ ਵੀ ਕੋਈ ਇਤਰਾਜ਼ਯੋਗ ਟਿੱਪਣੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਸਿੱਖ ਮਰਿਆਦਾ ਵਿੱਚ ਰਹਿਣ ਵਾਲਾ ਸਿੱਖ ਹਾਂ ਤੇ ਮੇਰੇ ਵਲੋਂ ਪਿਛਲੇ ਦਿਨੀਂ ਕੀਤੀਆਂ ਗਈਆਂ ਟਿੱਪਣੀਆਂ ਕਿਸੇ ਹੋਰ ਸਿਆਸੀ ਪਾਰਟੀ ਸੰਬੰਧੀ ਸਨ। ਫਿਰ ਵੀ ਜੇਕਰ ਅਣਜਾਣੇ ਵਿੱਚ ਮੈਥੋਂ ਜੋ ਇਸ ਮਹਾਨ ਸੰਸਥਾ ਦੀ ਸ਼ਾਨ ਤੇ ਅਜਮਤ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖਿਮਾਂ ਦਾ ਜਾਚਕ ਹਾਂ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਾਹਮਣੇ ਸਿਰ ਝੁਕਾਉਂਦਾ ਹੋਇਆ ਜਥੇਦਾਰ ਸਾਹਿਬ ਪਾਸੋਂ ਮੁਆਫ਼ੀ ਦਾ ਤਲਬਗਾਰ ਹਾਂ। ਮੈਂ ਸਮਝਦਾ ਹਾਂ ਕਿ ਮਨੁੱਖ ਭੁਲਣਹਾਰ ਹੈ ਅਤੇ ਗੁਰੂ ਬਖਸ਼ਿੰਦ ਹੈ, ਇਸ ਲਈ ਮੇਰੀ ਬੇਨਤੀ ਹੈ ਕਿ ਭੁੱਲ ਵਿਚ ਹੋਈ ਮੇਰੀ ਉਪਰੋਕਤ ਖੁਨਾਮੀ ਨੂੰ ਬਖਸ਼ ਦਿੱਤਾ ਜਾਵੇ। ਆਪ ਦਾ ਹੁਕਮ ਹਮੇਸਾ ਸਿਰ ਮੱਥੇ।
by nripost