ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ ਕਰ ਸੁਖਬੀਰ ਬਾਦਲ ਨੇ ਦਿੱਤਾ ਭਾਜਪਾ ਦਾ ਸਾਥ : ਬੀਬੀ ਜਗੀਰ

by nripost

ਜਲੰਧਰ (ਜਸਪ੍ਰੀਤ):: ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣ ਨਾ ਲੜਨ ਦਾ ਐਲਾਨ ਇਸ ਸ਼ਾਨਾਮੱਤੀ ਪਾਰਟੀ ਦਾ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਨਹੀਂ ਬਲਕਿ ਇਕ ਕੰਪਨੀ ਬਣਾ ਦਿੱਤਾ ਹੈ, ਜਿਸ ਦਾ ਮਾਲਕ ਸੁਖਬੀਰ ਸਿੰਘ ਬਾਦਲ ਹੈ। ਇਹ ਪ੍ਰਗਟਾਵਾ ਐੱਸਜੀਪੀਸੀ ਪ੍ਰਧਾਨ ਦੇ ਅਹੁਦੇ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਉਮੀਦਵਾਰ ਬੀਬੀ ਜਗੀਰ ਕੌਰ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹ ਐੱਸਜੀਪੀਸੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਉਮੀਦਵਾਰ ਵਜੋਂ ਆਪਣਾ ਏਜੰਡਾ ਜਾਰੀ ਕਰਨ ਲਈ ਪੁੱਜੇ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ’ਚ ਹੋਣ ਜਾ ਰਹੀਆ ਜ਼ਿਮਨੀ ਚੋਣਾਂ ਦੌਰਾਨ ਪਾਰਟੀ ਵੱਲੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਟੋਲੇ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਲਈ ਅਜਿਹਾ ਕੀਤਾ ਹੈ। ਅਕਾਲੀ-ਭਾਜਪਾ ਗਠਜੋੜ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਬਣਨ ਤੇ ਹੋਰ ਲਾਭ ਲੈਣ ਕਾਰਨ ਹੀ ਗਠਜੋੜ ਕੀਤਾ ਸੀ। ਭਾਜਪਾ ਨੇ ਅਕਾਲੀ ਦਲ ਨੂੰ ਸੱਤਾ ਦੇ ਮੰਚ ਤੋਂ ਪੂਰੀ ਤਰ੍ਹਾਂ ਮਨਫ਼ੀ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਬਾਰੇ ਪੁੱਛੇ ਜਾਣ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੀ ਪੰਥਕ ਸਰਕਾਰ ਦੀਆ ਬੱਜਰ ਗਲਤੀਆ ਤੇ ਸਿਆਸੀ ਲਾਭਾਂ ਖਾਤਰ ਲਏ ਫੈਸਲਿਆ ਕਾਰਨ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਤੋਂ ਬੇਮੁਖ ਹੋਈ ਹੈ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਉਣ ਵਾਲੇ ਗੁਲਾਮ ਮਾਨਸਿਕਤਾ ਵਾਲੇ ਆਗੂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੋਣ ਕਰਕੇ ਪ੍ਰਧਾਨ ਦੇ ਆਦੇਸ਼ਾਂ ਦਾ ਪਾਲਣ ਕਰਦੇ ਰਹੇ ਪਰ ਜਦੋਂ ਸਾਡੀ ਜ਼ਮੀਰ ਜਾਗੀ ਤਾਂ ਅਸੀਂ ਪਾਰਟੀ ਪ੍ਰਧਾਨ ਨੂੰ ਸਿੱਖ ਕੌਮ ਤੋਂ ਖਿਮਾ ਮੰਗਦੇ ਹੋਏ ਭੁੱਲਾਂ ਬਖਸ਼ਾਉਣ ਲਈ ਜਨਤਾ ਦੀ ਕਚਹਿਰੀ ’ਚ ਜਾਣ ਲਈ ਕਿਹਾ। ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆ ਨੇ ਸਾਡੀ ਗੱਲ ਮੰਨਣ ਦੀ ਬਜਾਏ ਸਾਨੂੰ ਭਾਜਪਾ ਦੇ ਏਜੰਟ ਤਕ ਕਰਾਰ ਦਿੱਤਾ ਜਦੋਂਕਿ ਹੁਣ ਸਿੱਧ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਟੀਮ ਨੇ ਭਾਜਪਾ ਦੇ ਫਾਇਦੇ ਲਈ ਸ਼੍ਰੋਮਣੀ ਅਕਾਲੀ ਦਲ ਤੇ ਸਿੱਖਾਂ ਦੀਆ ਸੰਸਥਾਵਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ ਹੈ।

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ’ਤੇ ਟਿੱਪਣੀ ਕਰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਧਾਮੀ ਗੱਲਬਾਤ ਦੌਰਾਨ ਐੱਸਜੀਪੀਸੀ ਮੈਂਬਰਾਂ ਦੀ ਕਿਰਦਾਰਕੁਸ਼ੀ ਕਰ ਰਹੇ ਸਨ। ਚੰਗਾ ਹੁੰਦਾ ਜੇਕਰ ਉਹ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਬਾਰੇ ਕੌਮ ਨੂੰ ਜਾਣੂ ਕਰਵਾਉਂਦੇ। ਹਰਜਿੰਦਰ ਸਿੰਘ ਧਾਮੀ ਦੀ ਉਮੀਦਵਾਰ ’ਤੇ ਟਿੱਪਣੀ ਕਰਦਿਆ ਬੀਬੀ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਜ਼ਿਮਨੀ ਚੋਣਾਂ ਨਹੀਂ ਲੜ ਰਹੇ ਪਰ ਦੂਜੇ ਹੀ ਐੱਸਜੀਪੀਸੀ ਦੇ ਪ੍ਰਧਾਨ ਲਈ ਉਮੀਦਵਾਰ ਦਾ ਐਲਾਨ ਕੀਤਾ ਹੈ। ਇਹ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਹੈ, ਇਸ ਦਾ ਬਾਦਲ ਸਿੱਖ ਕੌਮ ਨੂੰ ਜਵਾਬ ਦੇਣ। ਸੋਹਣ ਸਿੰਘ ਠੰਡਲ ਦੇ ਭਾਜਪਾ ’ਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਬੀਬੀ ਜਗੀਰ ਕੌਰ ਨੇ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੱਜੇ ਹੱਥ ਠੰਡਲ ਨੂੰ ਆਪ ਹੀ ਭਾਰਤੀ ਜਨਤਾ ਪਾਰਟੀ ’ਚ ਭੇਜਿਆ ਹੈ ਕਿਉਂਕਿ ਇਹ ਭਾਜਪਾ ਦੇ ਹੱਥਾਂ ’ਚ ਖੇਡ ਰਹੇ ਹਨ।