ਮੋਗਾ (ਜਸਪ੍ਰੀਤ): ਥਾਣੇ 'ਚ ਤਾਇਨਾਤ ਲੇਡੀ ਇੰਸਪੈਕਟਰ ਨੇ ਥਾਣੇ 'ਚ ਅਜਿਹਾ ਹੰਗਾਮਾ ਮਚਾ ਦਿੱਤਾ ਕਿ ਪੰਜਾਬ ਸਰਕਾਰ ਨੂੰ ਲੇਡੀ ਇੰਸਪੈਕਟਰ ਖਿਲਾਫ ਕਾਰਵਾਈ ਕਰਨੀ ਪਈ, ਇੰਨਾ ਹੀ ਨਹੀਂ ਲੇਡੀ ਇੰਸਪੈਕਟਰ ਖਿਲਾਫ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪੰਜ ਹੋਰ ਪੁਲਿਸ ਮੁਲਾਜਮਾ ਖਿਲਾਫ ਵੀ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਕੋਟਈਸੇ ਖਾਂ ਥਾਣੇ 'ਚ ਤਾਇਨਾਤ ਐੱਸ.ਐੱਚ.ਓ. ਅਰਸ਼ਪ੍ਰੀਤ ਕੌਰ ਗਰੇਵਾਲ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ 'ਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਦੱਸ ਦਈਏ ਕਿ 1 ਅਕਤੂਬਰ ਨੂੰ ਅਫੀਮ ਬਰਾਮਦਗੀ ਦੇ ਮਾਮਲੇ 'ਚ ਦਰਜ ਹੋਏ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਅਰਸ਼ਪ੍ਰੀਤ ਕੌਰ 'ਤੇ ਖੁਦ ਦੋਸ਼ੀ ਅਮਰਜੀਤ ਸਿੰਘ ਦੇ ਭਰਾ ਅਤੇ ਪੁੱਤਰ ਨੂੰ ਬਚਾਉਣ ਲਈ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ। ਇਸ ਮਾਮਲੇ 'ਚ ਨਾਮਜ਼ਦ ਸੋਨੂੰ ਉਰਫ਼ ਸੋਨੂੰ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਡੀ.ਐਸ.ਪੀ. ਧਰਮਕੋਟ ਕੋਟਈਸੇ ਖਾਂ ਪੁਲਿਸ ਮੁਲਾਜ਼ਮਾਂ ਸਮੇਤ ਹਾਜ਼ਰ ਸਨ। ਇਸ ਦੌਰਾਨ ਸੂਚਨਾ ਮਿਲੀ ਕਿ 1 ਅਕਤੂਬਰ ਨੂੰ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ 2 ਕਿਲੋ ਅਫੀਮ ਦਿਖਾਈ ਗਈ ਸੀ ਅਤੇ ਅਮਰਜੀਤ ਸਿੰਘ ਸੋਨੂੰ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਅਸਲ ਵਿੱਚ ਉਸ ਦਾ ਭਰਾ ਮਨਪ੍ਰੀਤ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵੀ ਉਸ ਦੇ ਨਾਲ ਸਨ ਜਿਨ੍ਹਾਂ ਕੋਲੋਂ 3 ਕਿਲੋ ਅਫੀਮ ਬਰਾਮਦ ਹੋਈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਕੋਟਈਸੇ ਖਾਂ ਅਤੇ ਰਾਜਪਾਲ ਸਿੰਘ ਮੁੱਖ ਮੁਨਸ਼ੀ ਪੁਲਸ ਚੌਕੀ ਬਲਖੰਡੀ ਨੇ ਮਿਲ ਕੇ ਕਿਸੇ ਨਾਲ 8 ਲੱਖ ਰੁਪਏ 'ਚ ਸੌਦਾ ਕਰ ਕੇ 5 ਲੱਖ ਰੁਪਏ ਹਾਸਲ ਕਰਕੇ ਮਾਮਲਾ ਅਮਰਜੀਤ ਸਿੰਘ ਨੂੰ ਸੌਂਪ ਦਿੱਤਾ। ਇਸ ਮਾਮਲੇ ਵਿੱਚ ਹੁਣ ਥਾਣਾ ਕੋਟਈਸੇ ਖਾਂ ਦੇ ਐਸ.ਐਚ.ਓ. ਅਸ਼ਪ੍ਰੀਤ ਕੌਰ ਗਰੇਵਾਲ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ.ਐਸ.ਪੀ. ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ 'ਚ ਥਾਣਾ ਕੋਟਈਸੇ ਖਾਂ ਦੀ ਪੁਲਸ ਵੱਲੋਂ ਅਗਾਊਂ ਤਫਤੀਸ਼ ਕੀਤੀ ਜਾ ਰਹੀ ਹੈ, ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।