ਕਾਠਮੰਡੂ (ਜਸਪ੍ਰੀਤ) ਨੇਪਾਲ ਦੇ ਕਪਿਲਵਾਸਤੂ ਜ਼ਿਲੇ 'ਚ ਮੰਗਲਵਾਰ ਨੂੰ 20 ਲੱਖ ਰੁਪਏ ਦੀ ਨਕਦੀ ਗੈਰ-ਕਾਨੂੰਨੀ ਰੂਪ ਨਾਲ ਰੱਖਣ ਦੇ ਦੋਸ਼ 'ਚ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਲਮਾਨ ਕੁਰੇਸ਼ੀਆ (33) ਅਤੇ ਉਮੇਸ਼ ਸਖਾਰਾਮ ਖੰਡਾਗਲੇ (39) ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਰਹਿਣ ਵਾਲੇ ਹਨ, ਨੂੰ ਨੇਪਾਲ-ਭਾਰਤ ਸਰਹੱਦ 'ਤੇ ਨਿਯਮਤ ਸੁਰੱਖਿਆ ਜਾਂਚ ਦੌਰਾਨ ਕਪਿਲਵਾਸਤੂ ਜ਼ਿਲੇ ਦੇ ਕ੍ਰਿਸ਼ਨਾਨਗਰ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਭਾਰਤੀ ਨੰਬਰ ਪਲੇਟਾਂ ਵਾਲੀਆਂ ਵੱਖ-ਵੱਖ ਗੱਡੀਆਂ ਵਿੱਚ ਸਫ਼ਰ ਕਰ ਰਹੇ ਸਨ।
ਪੁਲਿਸ ਨੇ ਉਨ੍ਹਾਂ ਕੋਲੋਂ ਕੁੱਲ 20,50,000 ਭਾਰਤੀ ਰੁਪਏ ਬਰਾਮਦ ਕੀਤੇ ਅਤੇ ਉਹ ਇਸ ਰਕਮ ਸਬੰਧੀ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕੇ। ਨੇਪਾਲ ਵਿੱਚ ਸਹੀ ਦਸਤਾਵੇਜ਼ਾਂ ਤੋਂ ਬਿਨਾਂ 25,000 ਭਾਰਤੀ ਰੁਪਏ ਜਾਂ ਇਸ ਤੋਂ ਵੱਧ ਨਕਦ ਰੱਖਣਾ ਗੈਰ-ਕਾਨੂੰਨੀ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਅਤੇ ਬਰਾਮਦ ਕੀਤੇ ਗਏ ਨਗਦੀ ਨੂੰ ਕਪਿਲਵਾਸਤੂ ਜ਼ਿਲੇ ਦੇ ਰੈਵੇਨਿਊ ਜਾਂਚ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।