ਕਪੂਰਥਲਾ (ਜਸਪ੍ਰੀਤ): ਕਪੂਰਥਲਾ ਦੀ ਸਬਜ਼ੀ ਮੰਡੀ ਵਿੱਚ ਪੀਸੀਆਰ ਟੀਮ ਦੀ ਪੁਲਿਸ ਨੇ ਪਿੱਛਾ ਕਰਕੇ ਬਾਈਕ ਸਵਾਰ 2 ਸ਼ੱਕੀ ਨੌਜਵਾਨਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ। ਸੂਤਰਾਂ ਅਨੁਸਾਰ ਮੁਲਜ਼ਮ ਕਿਸੇ ਗੈਂਗਸਟਰ ਗੈਂਗ ਦੇ ਸਰਗਣੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕਰ ਰਹੀ ਹੈ। ਉਕਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਤੋਂ ਸਿਵਲ ਹਸਪਤਾਲ 'ਚ ਦਵਾਈ ਲੈਣ ਆਏ ਇੱਕ ਕੈਦੀ ਨੂੰ ਬਾਈਕ ਸਵਾਰ ਵਿਅਕਤੀ ਭਜਾ ਕੇ ਲੈ ਗਏ। ਕੈਦੀਆਂ ਦੇ ਨਾਲ ਗਈ ਪੀਸੀਆਰ ਟੀਮ ਅਤੇ ਪੁਲਿਸ ਟੀਮ ਨੇ ਦੋਵਾਂ ਨੂੰ ਸਬਜ਼ੀ ਮੰਡੀ ’ਚੋਂ ਫੜ ਲਿਆ ਅਤੇ ਉਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ।
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਮਾਡਰਨ ਜੇਲ੍ਹ ਤੋਂ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਆਏ ਕੈਦੀਆਂ 'ਚੋਂ ਇੱਕ ਕੈਦੀ ਨੂੰ ਕੁਝ ਨੌਜਵਾਨ ਹਥਿਆਰਾਂ ਦੇ ਜ਼ੋਰ ਉੱਤੇ ਛੁਡਵਾ ਕੇ ਭੱਜ ਗਏ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੀਸੀਆਰ ਟੀਮ ਦੀ ਮਦਦ ਨਾਲ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਉਹਨਾਂ ਨੂੰ ਸਬਜ਼ੀ ਮੰਡੀ ਵਿੱਚ ਕਾਬੂ ਕਰ ਲਿਆ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਮੁਲਜ਼ਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਦੋਵੇਂ ਮੁਲਜ਼ਮ ਬਿਨਾਂ ਨੰਬਰ ਦੇ ਮੋਟਰਸਾਈਕਲ 'ਤੇ ਸਵਾਰ ਸਨ। ਇਸ ਮੌਕੇ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਉਤਰ ਗਈ। ਹਾਲਾਂਕਿ ਪੁਲਿਸ ਅਧਿਕਾਰੀ ਸਰਕਾਰੀ ਦੌਰੇ ਦੌਰਾਨ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।