ਫਗਵਾੜਾ (ਜਸਪ੍ਰੀਤ)-ਹਾਲੇ ਤਕ ਕਪੂਰਥਲਾ ਸ਼ਹਿਰ ’ਚ ਇਕ ਮੋਬਾਇਲ ਸ਼ੋਅਰੂਮ ’ਤੇ ਹੋਈ ਫਾਇਰਿੰਗ ਦਾ ਮਾਮਲਾ ਹੱਲ ਨਹੀਂ ਹੋਇਆ, ਉਧਰ ਫਗਵਾੜਾ ਦੇ ਪਿੰਡ ਪਿੰਡ ਭਬਿਆਣਾਂ ਵਿਖੇ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ, ਜਦੋਂ 2 ਮੋਟਰਸਾਈਕਲਾਂ ’ਤੇ ਆਏ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਪਿੰਡ ਦੇ ਇਕ ਧਾਰਮਿਕ ਅਸਥਾਨ ਨੇੜੇ ਬੈਠੇ ਬੇਕਸੂਰ ਨਿਹੱਥੇ ਪਿੰਡ ਵਾਸੀਆਂ ’ਤੇ ਅੰਨ੍ਹੇਵਾਹ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਗੋਲ਼ੀਆਂ ਲੱਗਣ ਨਾਲ 3 ਪਿੰਡ ਵਾਸੀ ਜ਼ਖ਼ਮੀ ਹੋ ਗਏ ਹਨ, ਜਦਕਿ ਇਕ ਹੋਰ ਪਿੰਡ ਵਾਸੀ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਫ਼ਿਲਮੀ ਅੰਦਾਜ਼ ’ਚ ਵਾਪਰੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਆਪਣੇ ਮੋਟਰਸਾਈਕਲਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ ਹਨ।
ਮੌਕੇ ’ਤੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਭਾਈਚਾਰਕ ਸਾਂਝ ਤਹਿਤ ਪੰਚਾਇਤੀ ਚੋਣਾਂ ਬਾਰੇ ਆਪਸ ’ਚ ਵਿਚਾਰ-ਵਟਾਂਦਰਾ ਕਰ ਰਹੇ ਸਨ। ਇਸੇ ਦੌਰਾਨ 2 ਮੋਟਰਸਾਈਕਲਾਂ ’ਤੇ ਸਵਾਰ ਅੱਧਾ ਦਰਜਨ ਦੇ ਕਰੀਬ ਹਮਲਾਵਰਾਂ ਨੇ ਵੇਖਦਿਆਂ ਹੀ ਵੇਖਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਅਚਾਨਕ ਗੋਲ਼ੀਆਂ ਚਲਾਈਆਂ ਤਾਂ ਕੁਝ ਸਮੇਂ ਲਈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਚਾਨਕ ਇਹ ਕੀ ਹੋ ਰਿਹਾ ਹੈ। ਗੱਲਬਾਤ ਕਰਦਿਆਂ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਪਿੰਡ ਦੇ ਰਹਿਣ ਵਾਲੇ 3 ਵਿਅਕਤੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਏ ਹਨ, ਜਦਕਿ ਇਕ ਹੋਰ ਵਿਅਕਤੀ ’ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ।
ਸਿਵਲ ਹਸਪਤਾਲ ’ਚ ਪਿੰਡ ਭਬਿਆਣਾਂ ਚ ਹੋਏ ਗੋਲੀਬਾਰੀ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਐੱਸ. ਐੱਚ. ਓ. ਅਮਨਦੀਪ ਕੁਮਾਰ ਨੇ ਦੱਸਿਆ ਕਿ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਪਿੰਡ ਵਾਸੀਆਂ ਦੀ ਪਛਾਣ ਬਿੱਟੂ ਪੁੱਤਰ ਬਲਵੀਰ ਚੰਦ, ਜਸ਼ਨ ਪ੍ਰੀਤ ਪੁੱਤਰ ਮਨਜੀਤ ਸਿੰਘ ਅਤੇ ਸੁਰਿੰਦਰ ਪਾਲ ਪੁੱਤਰ ਮਹਿੰਦਰ ਰਾਮ ਵਜੋਂ ਹੋਈ ਹੈ। ਜਦਕਿ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਬੂਟਾ ਰਾਮ ਪੁੱਤਰ ਗਿੰਦੀ ਰਾਮ ਵਾਸੀ ਪਿੰਡ ਭਬਿਆਣਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਹੈ, ਜਿੱਥੇ ਸਰਕਾਰੀ ਡਾਕਟਰਾਂ ਨੇ ਗੋਲੀ ਲੱਗਣ ਨਾਲ ਗੰਭੀਰ ਤੌਰ ’ਤੇ ਬਿੱਟੂ ਅਤੇ ਜਨਪ੍ਰੀਤ ਸਿੰਘ ਦੀ ਬਣੀ ਹੋਈ ਗੰਭੀਰ ਹਾਲਤ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਅਗੇਤੇ ਇਲਾਜ ਲਈ ਜਲੰਧਰ ਵਿਖੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਮਲਾਵਰਾਂ ਨੇ ਪਿੰਡ ’ਚ ਫਾਇਰਿੰਗ ਕਿਉਂ ਕੀਤੀ, ਬਣਿਆ ਡੂੰਘਾ ਰਾਜ਼
ਐੱਸ. ਪੀ. ਰੁਪਿੰਦਰ ਕੌਰ ਭੱਟੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਅਣਪਛਾਤੇ ਮੋਟਰਸਾਈਕਲਾਂ ’ਤੇ ਸਵਾਰ ਅੱਧਾ ਦਰਜਨ ਹਮਲਾਵਰਾਂ ਨੇ ਪਿੰਡ ਭਬਿਆਣਾਂ ਵਿਖੇ ਪੁੱਜ ਕੇ ਆਖਿਰ ਕਿਉਂ ਇਕ ਧਾਰਮਿਕ ਅਸਥਾਨ ਨੇੜੇ ਬੈਠੇ ਨਿਹੱਥੇ ਪਿੰਡ ਵਾਸੀਆਂ ’ਤੇ ਗੋਲੀਆਂ ਚਲਾਈਆਂ ਹਨ, ਜੋ ਪਿੰਡ ਪੱਧਰ ’ਤੇ ਸਿਰਫ਼ ਪੰਚਾਇਤੀ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਰਿਹਾ ਹੈ। ਐੱਸ. ਪੀ. ਮੈਡਮ ਭੱਟੀ ਨੇ ਕਿਹਾ ਕਿ ਪੁਲਸ ਘਟਨਾਸਥਲ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਰਾਣੀ ਦੁਸ਼ਮਣੀ ਜਾਂ ਆਪਸੀ ਕਿਸੀ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ ਪਰ ਜਦ ਤੱਕ ਪੁਲਸ ਜਾਂਚ ਪੂਰੀ ਨਹੀਂ ਹੋ ਜਾਂਦੀ ਹੈ, ਤਦ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੀ ਹੋਵੇਗੀ। ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰ ਲਈ ਹੈ।