ਸ੍ਰੀ ਮੁਕਤਸਰ ਸਾਹਿਬ (ਰਾਘਵ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦੇ ਹੋਏ ਸਾਇੰਸ ਵਿਭਾਗ ਦੀ ਵਿਦਿਆਰਥਣ ਤਾਨੀਆ ਗੁਪਤਾ (ਪੁੱਤਰੀ ਸ਼੍ਰੀ ਸਾਧੂ ਰਾਮ ਗੁਪਤਾ, ਨਿਸ਼ੂ ਗਰਗ) ਇਸਰੋ 'ਚ ਵਿਗਿਆਨੀ ਵਜੋਂ ਚੁਣੀ ਗਈ ਹੈ। ਇਸ ਵਿਦਿਆਰਥਣ ਨੇ ਮਾਰਚ 2016 ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 'ਚ ਵੀ ਮੈਰਿਟ ਹਾਸਲ ਕੀਤੀ ਸੀ। ਉਪਰੰਤ ਤਾਨੀਆ ਨੇ ਬੀਐਸਸੀ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਅਤੇ ਐਮਐਸਸੀ ਫਿਜਿਕਸ, ਆਈਆਈਟੀ ਦਿੱਲੀ ਤੋਂ ਪਹਿਲੇ ਸਥਾਨ ਨਾਲ ਪਾਸ ਕੀਤੀ।
ਡਾਟਾ ਸਾਇੰਸ ਵਿਭਾਗ , ਗੁਰੂਗ੍ਰਾਮ ਵਿਖੇ ਦੋ ਸਾਲ ਕਾਰਜ ਕਰਦਿਆਂ ਅਪ੍ਰੈਲ 2024 'ਚ ਇਸਰੋ ਵੱਲੋਂ ਕਰਵਾਈ ਜਾਂਦੀ ਭਰਤੀ ਪ੍ਰੀਖਿਆ 'ਚ ਬੈਠੀ ਅਤੇ ਨੈਸ਼ਨਲ ਪੱਧਰ 'ਤੇ 1500 ਉਮੀਦਵਾਰਾਂ 'ਚੋਂ ਚੁਣੇ ਗਏ 10 ਪ੍ਰੀਖਿਆਰਥੀਆਂ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜੁਲਾਈ 2024 'ਚ ਇਨ੍ਹਾਂ 10 ਚੁਣੇ ਗਏ ਪ੍ਰੀਖਿਆਰਥੀਆਂ ਦੀ ਇੰਟਰਵਿਊ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਹੁਣ ਤਾਨੀਆ ਗੁਪਤਾ ਨੂੰ ਇਸਰੋ ਵੱਲੋਂ ਯੂਆਰ ਰਾਉ ਸੈਟੇਲਾਈਟ ਸੈਂਟਰ ਵਿਖੇ ਬਤੌਰ ਵਿਗਿਆਨੀ ਚੁਣਿਆ ਗਿਆ ਹੈ। ਤਾਨੀਆ ਆਪਣੀ ਇਸ ਉਪਲਬਧੀ ਦਾ ਸ਼੍ਰੇਅ ਆਪਣੇ ਮਾਤਾ ਪਿਤਾ ਤੇ ਕੰਨਿਆ ਸਕੂਲ ਦੇ ਮਿਹਨਤੀ ਅਧਿਆਪਕਾਂ ਨੂੰ ਦਿੰਦੀ ਹੈ। ਸਕੂਲ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦਰ ਝਾਂਬ ਨੇ ਅੱਜ ਇਸ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤਾਨੀਆ ਦੇ ਗਾਈਡ ਅਧਿਆਪਕ ਪਰਵਿਸ਼ਾ ਸੇਤੀਆ ਅਤੇ ਸੰਤੋਸ਼ ਕੁਮਾਰੀ ਦੇ ਨਾਲ ਬਬੀਤਾ, ਸ਼ਮਿੰਦਰ ਬੱਤਰਾ, ਵਿਵੇਕ ਜੈਨ, ਸਅਮਿਤ ਕੁਮਾਰ, ਰਮਨ ਕੁਮਾਰ , ਅੰਕੁਸ਼ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਸੀ।