ਜਲੰਧਰ (ਨੇਹਾ) : ਪਿੰਡ ਮੰਡ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਕਾਰਨ ਇਮਾਰਤ ਨੂੰ ਨੁਕਸਾਨ ਪੁੱਜਾ ਅਤੇ ਅੰਮ੍ਰਿਤ ਬਾਣੀ ਦਾ ਸਰੂਪ ਸੜ ਗਿਆ। ਇਸ ਸਬੰਧੀ ਮੰਡ ਚੌਕੀ ਇੰਚਾਰਜ ਗੁਰਮੀਤ ਰਾਮ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੰਡ ਚੌਕੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕਰਤਾਰਪੁਰ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਧੂੰਏਂ ਦਾ ਗੁਬਾਰ ਉੱਡਦਾ ਦੇਖ ਕੇ ਲੋਕਾਂ ਨੇ ਰੌਲਾ ਪਾਇਆ। ਇਸ ਕਾਰਨ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਲੋਕਾਂ ਨੇ ਦੇਖਿਆ ਕਿ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਤਾਂ ਉਨ੍ਹਾਂ ਨੇ ਤਾਲਾ ਖੋਲ੍ਹਿਆ ਅਤੇ ਪੌੜੀ ਦੀ ਮਦਦ ਨਾਲ ਉੱਪਰ ਚੜ੍ਹੇ ਪਰ ਉੱਥੇ ਵੀ ਤਾਲਾ ਲੱਗਾ ਹੋਇਆ ਸੀ। ਉਪਰਲੀ ਮੰਜ਼ਿਲ 'ਤੇ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ 'ਚ ਲੱਗੀ ਅੱਗ ਨੂੰ ਤਾਲਾ ਖੋਲ੍ਹ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਥੇ ਮੌਜੂਦ ਅੰਮ੍ਰਿਤ ਬਾਣੀ ਦਾ ਸਰੂਪ ਅਗਨ ਭੇਟ ਹੋ ਗਿਆ। ਇਸ ਤੋਂ ਇਲਾਵਾ ਹੋਰ ਕਮਰਿਆਂ ਵਿੱਚ ਪਿਆ ਸਾਮਾਨ ਵੀ ਸੜ ਗਿਆ ਅਤੇ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ। ਡੀ.ਐਸ.ਪੀ. ਧੋਗੜੀ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਉਦੋਂ ਤੱਕ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ।