ਜੰਮੂ (ਨੇਹਾ) : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਮੰਗਲਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ ਫੌਜ ਦਾ ਇਕ ਪੈਰਾਟ੍ਰੋਪਰ ਮਾਰਿਆ ਗਿਆ ਅਤੇ ਪੰਜ ਕਮਾਂਡੋ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫੌਜ ਨੇ ਦੱਸਿਆ ਕਿ ਇਹ ਹਾਦਸਾ ਸਰਹੱਦੀ ਜ਼ਿਲੇ ਦੇ ਮੰਜਾਕੋਟ ਇਲਾਕੇ 'ਚ ਦੇਰ ਸ਼ਾਮ ਉਸ ਸਮੇਂ ਵਾਪਰਿਆ ਜਦੋਂ ਫੌਜੀ ਅੱਤਵਾਦ ਵਿਰੋਧੀ ਡਿਊਟੀ ਲਈ ਨਿਕਲੇ ਸਨ। ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਇੱਕ ਪੋਸਟ ਵਿੱਚ ਕਿਹਾ ਕਿ ਲਾਂਸ ਨਾਇਕ ਬਲਜੀਤ ਸਿੰਘ ਦੀ ਹਾਦਸੇ ਵਿੱਚ ਮੌਤ ਹੋ ਗਈ। ਫੌਜ ਨੇ ਕਿਹਾ, "ਵਾਈਟ ਨਾਈਟ ਕੋਰ ਦੇ ਜੀਓਸੀ (ਜਨਰਲ ਅਫਸਰ ਕਮਾਂਡਿੰਗ) ਅਤੇ ਸਾਰੇ ਰੈਂਕ ਦੇ ਅਧਿਕਾਰੀ ਰਾਜੌਰੀ ਨੇੜੇ ਮੰਜਾਕੋਟ ਵਿਖੇ ਅੱਤਵਾਦ ਵਿਰੋਧੀ ਡਿਊਟੀ 'ਤੇ ਹਨ।
ਲਾਂਸ ਨਾਇਕ ਬਲਜੀਤ ਸਿੰਘ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ ਜੋ ਕਿ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ।” ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਫੌਜ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉਨ੍ਹਾਂ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਸਮੇਤ ਬਚਾਅ ਕਰਮਚਾਰੀਆਂ ਨੇ ਛੇ ਜ਼ਖ਼ਮੀ ਕਮਾਂਡੋਜ਼ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਜ਼ਖਮੀ ਵਿਅਕਤੀ ਦੀ ਹਾਲਤ 'ਨਾਜ਼ੁਕ' ਬਣੀ ਹੋਈ ਹੈ।