ਜੋਧਪੁਰ (ਹਰਮੀਤ) : ਭਾਰਤੀ ਹਵਾਈ ਸੈਨਾ, ਥਲ ਸੈਨਾ ਅਤੇ ਜਲ ਸੈਨਾ ਦੇ ਉਪ ਮੁਖੀਆਂ ਨੇ ਸੋਮਵਾਰ ਨੂੰ ਜੋਧਪੁਰ ’ਚ ਹਵਾਈ ਅਭਿਆਸ ਦੌਰਾਨ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਉਡਾਣ ਭਰੀ।
ਹਵਾਈ ਫ਼ੌਜ ਦੇ ਡਿਪਟੀ ਚੀਫ ਏਅਰ ਮਾਰਸ਼ਲ ਏ.ਪੀ. ਸਿੰਘ ਨੇ ਮੁੱਖ ਲੜਾਕੂ ਜਹਾਜ਼ ਉਡਾਇਆ ਜਦਕਿ ਉਪ ਫ਼ੌਜ ਮੁਖੀ ਲੈਫਟੀਨੈਂਟ ਜਨਰਲ ਐਨ.ਐਸ. ਸਿੰਘ ਰਾਜਾ ਸੁਬਰਾਮਨੀ ਅਤੇ ਉਪ ਜਲ ਸੈਨਾ ਮੁਖੀ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਦੋ ਸੀਟਾਂ ਵਾਲੇ ਜਹਾਜ਼ ਵਿਚ ਉਡਾਣ ਭਰੀ।
‘ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ’ ਵਲੋਂ ਵਿਕਸਤ, ਤੇਜਸ ਹਵਾਈ ਲੜਾਈ ਅਤੇ ਹਮਲਾਵਰ ਹਵਾਈ ਸਹਾਇਤਾ ਮਿਸ਼ਨਾਂ ਲਈ ਇਕ ਸ਼ਕਤੀਸ਼ਾਲੀ ਜਹਾਜ਼ ਹੈ, ਜਦਕਿ ਇਸ ਦੀ ਵਰਤੋਂ ਕਿਸੇ ਸਥਾਨ ਦੀ ਫੌਜੀ ਜਾਸੂਸੀ ਅਤੇ ਜਹਾਜ਼ ਵਿਰੋਧੀ ਕਾਰਵਾਈਆਂ ਲਈ ਵੀ ਕੀਤੀ ਜਾ ਸਕਦੀ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਤਰੰਗ ਸ਼ਕਤੀ ਅਭਿਆਸ ’ਚ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਦੀ ਭਾਗੀਦਾਰੀ ਅੰਤਰ-ਖੇਤਰੀ ਸਹਿਯੋਗ ’ਤੇ ਵੱਧ ਰਹੇ ਧਿਆਨ ਨੂੰ ਦਰਸਾਉਂਦੀ ਹੈ, ਜਿਸ ਦੇ ਤਹਿਤ ਫੌਜ, ਜਲ ਫ਼ੌਜ ਅਤੇ ਹਵਾਈ ਫੌਜ ਆਧੁਨਿਕ ਸਮੇਂ ਦੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਇਕੱਠੇ ਉਡਾਣ ਭਰੀ ਹੈ। ਉਨ੍ਹਾਂ ਕਿਹਾ ਕਿ ਇਹ ਏਕੀਕ੍ਰਿਤ ਰੱਖਿਆ ਸਮਰੱਥਾ, ਆਤਮ ਨਿਰਭਰਤਾ ਪ੍ਰਤੀ ਭਾਰਤ ਦੀ ਵਧਦੀ ਵਚਨਬੱਧਤਾ ਦਾ ਮਜ਼ਬੂਤ ਸਬੂਤ ਹੈ ਅਤੇ ਤਿੰਨਾਂ ਹਥਿਆਰਬੰਦ ਬਲਾਂ ਦੀ ਨਿਰਵਿਘਨ ਏਕੀਕ੍ਰਿਤ ਪਹੁੰਚ ਨੂੰ ਦਰਸਾਉਂਦਾ ਹੈ।
ਭਾਰਤੀ ਹਵਾਈ ਫੌਜ ਵਲੋਂ ਆਯੋਜਿਤ ਤਰੰਗ ਸ਼ਕਤੀ ਅਭਿਆਸ ਦਾ ਉਦੇਸ਼ ਹਿੱਸਾ ਲੈਣ ਵਾਲੀਆਂ ਫੌਜਾਂ ਵਿਚਾਲੇ ਅੰਤਰ-ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨਾ ਹੈ। ਭਾਗੀਦਾਰਾਂ ਦੀ ਇਕ ਲੜੀ ਦੇ ਨਾਲ, ਭਾਰਤੀ ਹਵਾਈ ਫੌਜ ਦੀ ਅਗਵਾਈ ਵਾਲੇ ਅਭਿਆਸ ਦਾ ਉਦੇਸ਼ ਨੇੜਲੇ ਸਬੰਧਾਂ ਨੂੰ ਉਤਸ਼ਾਹਤ ਕਰਨਾ ਹੈ ਜੋ ਅਣਗਿਣਤ ਸਮਰੱਥਾਵਾਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਮਿਸ਼ਨ ’ਚ ਤੇਜਸ ਨੂੰ ਸ਼ਾਮਲ ਕਰਨਾ ਭਾਰਤ ਦੇ ਰੱਖਿਆ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ’ਚ ਸਵਦੇਸ਼ੀ ਪਲੇਟਫਾਰਮਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਉਡਾਣ ਅਭਿਆਸ ਤੋਂ ਬਾਅਦ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਭਾਰਤ ਅਤੇ ਇਸ ਵਿਚ ਹਿੱਸਾ ਲੈਣ ਵਾਲੀਆਂ ਸਹਿਯੋਗੀ ਫੌਜਾਂ ਨਾਲ ਗੱਲਬਾਤ ਕੀਤੀ।
ਤੇਜਸ ਜਹਾਜ਼ ਭਾਰਤੀ ਹਵਾਈ ਫ਼ੌਜ ਦਾ ਮੁੱਖ ਆਧਾਰ ਬਣਨ ਜਾ ਰਹੇ ਹਨ। 1 ਜੁਲਾਈ, 2016 ਨੂੰ, ਭਾਰਤੀ ਹਵਾਈ ਫੌਜ ਨੂੰ ਸ਼ੁਰੂਆਤੀ ਸੰਚਾਲਨ ਮਨਜ਼ੂਰੀ ਦੇ ਨਾਲ ਪਹਿਲੇ ਦੋ ਤੇਜਸ ਜਹਾਜ਼ ਪ੍ਰਾਪਤ ਹੋਏ। ਜਹਾਜ਼ ਦੀ ਅੰਤਿਮ ਸੰਚਾਲਨ ਮਨਜ਼ੂਰੀ ਦਾ ਐਲਾਨ ਫ਼ਰਵਰੀ 2019 ’ਚ ਕੀਤਾ ਗਿਆ ਸੀ।