ਚੰਡੀਗੜ੍ਹ (ਹਰਮੀਤ) : ਡਾਕਟਰਾਂ ਦੀ ਮੋਹਰੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ 9 ਸਤੰਬਰ ਤੋਂ ਐਲਾਨੀ ਹੜਤਾਲ ਵਿਚ ਕੁਝ ਬਦਲਾਅ ਕੀਤੇ ਹਨ। ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਸਰਕਾਰੀ ਹਸਪਤਾਲਾਂ ਵਿੱਚ ਓ.ਪੀ. ਡੀ ਸੇਵਾਵਾਂ ਸਵੇਰੇ 8 ਵਜੇ ਤੋਂ 11 ਵਜੇ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਈ ਰੱਖਣਾ ਚਾਹੁੰਦੇ ਹਾਂ ਪਰ ਹੁਣ ਤੱਕ ਸਿਹਤ ਮੰਤਰੀ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਦਿੱਤਾ ਗਿਆ ਭਰੋਸਾ ਜ਼ਮੀਨੀ ਪੱਧਰ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ 11 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਦਿੱਤਾ ਹੈ। ਜੇਕਰ ਕੋਈ ਨਤੀਜਾ ਨਾ ਨਿਕਲਿਆ ਅਤੇ ਕੋਈ ਪ੍ਰਗਤੀ ਨਾ ਹੋਈ ਤਾਂ 12 ਸਤੰਬਰ ਤੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਸਵੇਰੇ 8 ਵਜੇ ਤੋਂ 11 ਵਜੇ ਤੱਕ ਓ.ਪੀ.ਡੀ. ਸੇਵਾਵਾਂ ਬੰਦ ਰਹਿਣਗੀਆਂ। ਸੰਗਠਨ ਦੇ ਅਨੁਸਾਰ, ਭਰਤੀ ਪ੍ਰੀਖਿਆ, ਡਰਾਈਵਿੰਗ ਲਾਇਸੈਂਸ ਅਤੇ ਬੰਦੂਕ ਲਾਇਸੈਂਸ ਲਈ ਮੈਡੀਕਲ ਟੈਸਟ ਵਰਗੇ ਕੋਈ ਜਨਰਲ ਮੈਡੀਕਲ ਟੈਸਟ ਨਹੀਂ ਹੋਣਗੇ। ਡੇਂਗੂ ਤੋਂ ਇਲਾਵਾ ਕੋਈ ਰਿਪੋਰਟ ਨਹੀਂ ਭੇਜੀ ਜਾਵੇਗੀ। ਡਾਕਟਰਾਂ ਅਨੁਸਾਰ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।