ਸੁਲਤਾਨ ਬੋਲਕੀਆ ਨੇ ਭਾਰਤ-ਬ੍ਰੂਨੇਈ ਸਬੰਧਾਂ ਦੇ 40 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਸੱਦਾ

by nripost

ਨਵੀਂ ਦਿੱਲੀ (ਹਰਮੀਤ) : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਤੋਂ ਬਾਅਦ ਦੁਨੀਆ ’ਚ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਬਰੁਨੇਈ ਦੇ ਸੁਲਤਾਨ ਬੋਲਕਿਆਹ ਦੇ ਸੱਦੇ ’ਤੇ ਪੀਐੱਮ ਮੋਦੀ ਦੋ ਦਿਨਾ ਯਾਤਰਾ ’ਤੇ ਬਰੁਨੇਈ ਪਹੁੰਚੇ ਹਨ। ਬਰੁਨੇਈ ਦੇ ਸੁਲਤਾਨ ਨੂੰ ਉਨ੍ਹਾਂ ਦੀ ਜ਼ਬਰਦਸਤ ਜਾਇਦਾਦ ਤੇ ਸ਼ਾਨਦਾਰ ਜੀਵਨਸ਼ੈਲੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕੋਲ ਦੁਨੀਆ ਦਾ ਸਭ ਤੋਂ ਵੱਡਾ ਨਿੱਜੀ ਸੰਗ੍ਰਹਿ ਹੈ, ਜਿਸਦੀ ਅੰਦਾਜ਼ਨ ਕੀਮਤ ਪੰਜ ਅਰਬ ਡਾਲਰ ਹੈ। ਉਨ੍ਹਾਂ ਦੇ ਸੰਗ੍ਰਹਿ ’ਚ 7,000 ਤੋਂ ਜ਼ਿਆਦਾ ਵਾਹਨ ਹਨ। 30 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਬੋਲਕਿਆਹ ਕੋਲ ਲਗਪਗ 600 ਰੋਲਸ-ਰਾਇਸ ਕਾਰਾਂ ਹਨ। ਉਨ੍ਹਾਂ ਦੀ ਇਹ ਉਪਲਬਧੀ ਗਿੰਨੀਜ਼ ਵਰਲਡ ਰਿਕਾਰਡ ’ਚ ਵੀ ਦਰਜ ਹੈ।

ਉਨ੍ਹਾਂ ਦੇ ਬੇੜੇ ’ਚ ਲਗਪਗ 450 ਫਰਾਰੀ ਤੇ 380 ਬੈਂਟਲੇ ਕਾਰਾਂ ਵੀ ਸ਼ਾਮਲ ਹਨ। ਉਨ੍ਹਾਂ ਕੋਲ ਕਈ ਪੋਰਸ਼, ਲੈਂਬੋਰਗਿਨੀ, ਮੇਬੈਕ, ਜੈਗੁਆਰ, ਬੀਐੱਮਡਬਲਯੂ ਤੇ ਮੈਕਲੈਰਨ ਕਾਰਾਂ ਵੀ ਹਨ। ਉਨ੍ਹਾਂ ਕੋਲ ਲਗਪਗ ਅੱਠ ਕਰੋੜ ਡਾਲਰ ਦੇ ਮੁੱਲ ਦੀ ਬੈਂਟਲੇ ਡਾਮੀਨੇਟਰ ਐੱਸਯੂਵੀ ਵੀ ਹੈ। ਇਸ ਤੋਂ ਇਲਾਵਾ ਹੋਰੀਜਨ ਬਲੂ ਪੇਂਟ ਵਾਲੀ ਤੇ ਐਕਸ 88 ਪਾਵਰ ਪੈਕੇਜ ਵਾਲੀ ਪੋਰਸ਼ 911 ਤੇ 24 ਕੈਰੇਟ ਸੋਨੇ ਦੀ ਪਰਤ ਚੜ੍ਹੀ ਰੋਲਸ ਰਾਇਸ ਸਿਲਵਰ ਸਪਰ-II ਕਾਰ ਵੀ ਹੈ। ਉਨ੍ਹਾਂ ਦੀਆਂ ਬੇਸ਼ਕੀਮਤੀ ਕਾਰਾਂ ’ਚ ਇਕ ਖੁੱਲ੍ਹੀ ਛੱਤ ਤੇ ਛਤਰੀ ਨਾਲ ਇਕ ਕਸਟਮ-ਡਿਜ਼ਾਈਨ ਕੀਤੀ ਗਈ ਸੋਨੇ ਨਾਲ ਬਣੀ ਰੋਲਸ ਰਾਇਸ ਕਾਰ ਵੀ ਹੈ। ਸੁਲਤਾਨ ਨੇ 2007 ’ਚ ਆਪਣੀ ਧੀ ਰਾਜਕੁਮਾਰੀ ਮਾਜੇਦਾਹ ਦੇ ਵਿਆਹ ਲਈ ਇਕ ਕਸਟਮ ਗੋਲਡ ਕੋਟਿਡ ਰੋਲਸ-ਰਾਇਸ ਵੀ ਖਰੀਦੀ ਸੀ। ਇਹੀ ਨਹੀਂ, ਉਨ੍ਹਾਂ ਕੋਲ ਇਕ ਬੋਇੰਗ 747 ਜਹਾਜ਼ ਵੀ ਹੈ।

ਸੁਲਤਾਨ ਇਸਤਾਨਾ ਨੁਰੂਲ ਇਮਾਨ ਪੈਲੇਸ ’ਚ ਰਹਿੰਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਰਿਹਾਇਸ਼ੀ ਮਹਿਲ ਹੈ ਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ’ਚ ਦਰਜ ਹੈ। ਇਹ 20 ਲੱਖ ਵਰਗ ਫੁੱਟ ’ਚ ਬਣਿਆ ਹੋਇਆ ਹੈ ਤੇ 22 ਕੈਰੇਟ ਸੋਨੇ ਨਾਲ ਸਜਿਆ ਹੋਇਆ ਹੈ। ਇਸ ਮਹਿਲ ’ਚ 1,700 ਬੈੱਡਰੂਮ, 257 ਬਾਥਰੂਮ, ਪੰਜ ਸਵਿਮਿੰਗ ਪੂਲ ਤੇ 110 ਗੈਰੇਜ ਹਨ। ਸੁਲਤਾਨ ਕੋਲ ਇਕ ਨਿੱਜੀ ਚਿੜੀਆਘਰ ਵੀ ਹੈ, ਜਿਸ ਵਿਚ 30 ਬੰਗਾਲ ਟਾਈਗਰਾਂ ਸਮੇਤ ਕਈ ਤਰ੍ਹਾਂ ਦੇ ਪਸ਼ੂ-ਪੰਛੀ ਹਨ।