ਵਾਸ਼ਿੰਗਟਨ (ਜਸਪ੍ਰੀਤ) - ਕਾਂਗਰਸੀ ਆਗੂ ਰਾਹੁਲ ਗਾਂਧੀ 8 ਤੋਂ 10 ਸਤੰਬਰ ਤੱਕ ਅਮਰੀਕਾ ਦੇ ਤਿੰਨ-ਰੋਜ਼ਾ ਦੌਰੇ ਉਤੇ ਜਾਣਗੇ ਅਤੇ ਇਸ ਦੌਰਾਨ ਉਹ ਮੁਲਕ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਅਤੇ ਡਲਾਸ ਵਿਚ ਵੱਖੋ-ਵੱਖ ਮੀਟਿੰਗਾਂ ਤੇ ਸਮਾਗਮਾਂ ਵਿਚ ਹਿੱਸਾ ਲੈਣਗੇ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਬੀਤੇ ਜੂਨ ਵਿਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਰਾਹੁਲ ਦੀ ਇਸ ਪਹਿਲੀ ਅਮਰੀਕਾ ਫੇਰੀ ਦੇ ਵੇਰਵੇ ਸ਼ਨਿੱਚਰਵਾਰ ਨੂੰ ਜਾਰੀ ਕੀਤੇ।
ਓਥੇ ਹੀ ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਰਾਹੁਲ 8 ਸਤੰਬਰ ਨੂੰ ਡਲਾਸ ਜਾਣਗੇ ਅਤੇ 9 ਤੇ 10 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਟੈਕਸਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ, ਅਕਾਦਮੀਸ਼ਿਅਨਾਂ, ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵਿਚਾਰ-ਵਟਾਂਦਰੇ ਕਰਨਗੇ। ਪਿਤਰੋਦਾ ਨੇ ਕਿਹਾ, ‘‘ਅਗਲੇ ਦਿਨ ਅਸੀਂ ਰਾਜਧਾਨੀ ਵਾਸ਼ਿੰਗਟਨ ਪੁੱਜਾਂਗੇ ਅਤੇ ਉਥੇ ਵੀ ਉਹ ਇਸੇ ਤਰ੍ਹਾਂ ਵੱਖੋ-ਵੱਖ ਵਰਗਾਂ ਤੇ ਸਮੂਹਾਂ ਨੂੰ ਮਿਲਣਗੇ ਅਤੇ ਨੈਸ਼ਨਲ ਪ੍ਰੈੱਸ ਕਲੱਬ ਵਿਚ ਵੀ ਜਾਣਗੇ।’’