ਚੰਡੀਗੜ੍ਹ (ਹਰਮੀਤ) : ਨਿਯਮਾਂ ਦੀ ਉਲੰਘਣਾ 'ਤੇ ਸਖਤ ਰੁਖ ਅਖਤਿਆਰ ਕਰਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਏਅਰ ਇੰਡੀਆ 'ਤੇ 99 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਾਨ-ਕੁਆਲੀਫਾਈਡ ਕਰੂ ਮੈਂਬਰ ਨਾਲ ਸਬੰਧਤ ਇਸ ਮਾਮਲੇ 'ਚ ਡੀਜੀਸੀਏ ਨੇ ਏਅਰ ਇੰਡੀਆ ਲਿਮਟਿਡ 'ਤੇ 90 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ, ਇਸ ਤੋਂ ਇਲਾਵਾ ਏਅਰਲਾਈਨ ਦੇ ਡਾਇਰੈਕਟਰ ਆਪਰੇਸ਼ਨ 'ਤੇ 6 ਲੱਖ ਰੁਪਏ ਅਤੇ ਡਾਇਰੈਕਟਰ ਟ੍ਰੇਨਿੰਗ 'ਤੇ 3 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਹੈ।
ਏਅਰ ਇੰਡੀਆ ਨੇ 10 ਜੁਲਾਈ 2024 ਨੂੰ ਡੀਜੀਸੀਏ ਕੋਲ ਰਿਪੋਰਟ ਦਾਇਰ ਕੀਤੀ ਸੀ। ਇਸ ਰਿਪੋਰਟ ਵਿੱਚ ਏਅਰ ਇੰਡੀਆ ਨੇ ਡੀਜੀਸੀਏ ਨੂੰ ਗੈਰ-ਕੁਆਲੀਫਾਈਡ ਪਾਇਲਟਾਂ ਦੁਆਰਾ ਸੰਚਾਲਿਤ ਉਡਾਣਾਂ ਬਾਰੇ ਜਾਣਕਾਰੀ ਦਿੱਤੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਸੀਏ ਨੇ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਸਨ।
ਦੱਸਿਆ ਜਾ ਰਿਹਾ ਹੈ ਕਿ ਡੀਜੀਸੀਏ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਏਅਰਲਾਈਨ ਦੇ ਕੰਮਕਾਜ ਵਿੱਚ ਕਮੀਆਂ ਅਤੇ ਅਧਿਕਾਰੀਆਂ ਦੁਆਰਾ ਨਿਯਮਾਂ ਦੀ ਉਲੰਘਣਾ ਕਾਰਨ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਸਬੰਧਤ ਫਲਾਈਟ ਕਮਾਂਡਰ ਅਤੇ ਏਅਰਲਾਈਨ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿਚ ਉਹ ਕੋਈ ਤਸੱਲੀਬਖਸ਼ ਜਵਾਬ ਦੇਣ ਵਿਚ ਅਸਫਲ ਰਹੇ।
ਜਿਸ ਤੋਂ ਬਾਅਦ ਡੀਜੀਸੀਏ ਨੇ ਆਪਣੀ ਕਾਰਵਾਈ ਸ਼ੁਰੂ ਕਰਦੇ ਹੋਏ ਸਬੰਧਤ ਕਮਾਂਡਰ ਨੂੰ ਚੇਤਾਵਨੀ ਜਾਰੀ ਕੀਤੀ ਅਤੇ ਏਅਰਲਾਈਨਜ਼ 'ਤੇ ਕੁੱਲ 99 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਇਸ ਤੋਂ ਇਲਾਵਾ ਡੀਜੀਸੀਏ ਨੇ ਏਅਰ ਇੰਡੀਆ ਨੂੰ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।