ਵਾਸ਼ਿੰਗਟਨ (ਸਾਹਿਬ) - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਵੋਟਰ ਮੁਲਕ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣਾ ਰਾਸ਼ਟਰਪਤੀ ਚੁਣ ਕੇ ਵਧੀਆ ਦਾਸਤਾਨ ਲਿਖਣ ਲਈ ਤਿਆਰ ਹਨ। ਹੈਰਿਸ ਦੀ ਜ਼ੋਰਦਾਰ ਹਮਾਇਤ ਕਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕੀ ਕਮਲਾ ਦੇ ਵਿਰੋਧੀ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ।
ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ’ਚ ਮੰਗਲਵਾਰ ਰਾਤ ਆਪਣੇ ਸੰਬੋਧਨ ਦੌਰਾਨ ਓਬਾਮਾ ਨੇ 16 ਸਾਲ ਪਹਿਲਾਂ ਜੋਅ ਬਾਇਡਨ ਨੂੰ ਉਪ ਰਾਸ਼ਟਰਪਤੀ ਬਣਾਉਣ ਦੇ ਫ਼ੈਸਲੇ ਨੂੰ ਚੇਤੇ ਕੀਤਾ। ਓਬਾਮਾ ਨੇ ਕਿਹਾ, ‘‘ਅਮਰੀਕਾ ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ ਤਿਆਰ ਹੈ। ਅਮਰੀਕਾ ਬਿਹਤਰ ਦਾਸਤਾਨ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ ਅਤੇ ਉਹ ਵੀ ਅਹੁਦਾ ਸੰਭਾਲਣ ਲਈ ਤਿਆਰ ਹੈ।’’ ਉਨ੍ਹਾਂ ਕਿਹਾ ਕਿ ਬਾਇਡਨ ਨੂੰ ਇਤਿਹਾਸ ਲੋਕਤੰਤਰ ਦੀ ਰਾਖੀ ਲਈ ਯਾਦ ਕਰੇਗਾ। ‘
ਮੈਨੂੰ ਬਾਇਡਨ ਨੂੰ ਆਪਣਾ ਰਾਸ਼ਟਰਪਤੀ ਆਖਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਆਪਣਾ ਦੋਸਤ ਆਖਣ ’ਤੇ ਮੈਨੂੰ ਜ਼ਿਆਦਾ ਮਾਣ ਹੈ। ਹੁਣ ਕਮਾਨ ਅੱਗੇ ਸੰਭਾਲ ਦਿੱਤੀ ਗਈ ਹੈ। ਅਸੀਂ ਆਪਣੇ ਸੁਪਨਿਆਂ ਦਾ ਅਮਰੀਕਾ ਬਣਾਉਣ ਲਈ ਹੁਣ ਸੰਘਰਸ਼ ਕਰਨਾ ਹੈ।’